ਆਈਜ਼ੌਲ, 23 ਅਗਸਤ-ਮਿਜ਼ੋਰਮ ਵਿੱਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਉਸਾਰੀ ਅਧੀਨ ਰੇਲਵੇ ਪੁਲ ਦੇ ਢਹਿ ਜਾਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10 ਵਜੇ ਰਾਜਧਾਨੀ ਆਈਜ਼ੌਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿੱਚ ਵਾਪਰਿਆ। ਘਟਨਾ ਸਮੇਂ ਪੁਲ ਤੇ 35 ਤੋਂ 40 ਮਜ਼ਦੂਰ ਕੰਮ ਕਰ ਰਹੇ ਸਨ। ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ।
ਹੁਣ ਤੱਕ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਪੁਲ ਬੈਰਾਬੀ ਨੂੰ ਸੈਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ਉੱਤੇ ਬਣਾਇਆ ਜਾ ਰਿਹਾ ਸੀ। ਪੁਲ ਵਿੱਚ ਕੁੱਲ 4 ਪਿੱਲਰ ਹਨ। ਤੀਜੇ ਅਤੇ ਚੌਥੇ ਖੰਭੇ ਦੇ ਵਿਚਕਾਰ ਗਾਰਡ ਹੇਠਾਂ ਡਿੱਗ ਗਿਆ। ਸਾਰੇ ਮਜ਼ਦੂਰ ਇਸੇ ਗਾਰਡ ਤੇ ਕੰਮ ਕਰ ਰਹੇ ਸਨ। ਜ਼ਮੀਨ ਤੋਂ ਪੁਲ ਦੀ ਉਚਾਈ 104 ਮੀਟਰ ਯਾਨੀ 341 ਫੁੱਟ ਹੈ।