ਸ਼ਿਮਲਾ, 23 ਅਗਸਤ – ਹਿਮਾਚਲ ਪ੍ਰਦੇਸ਼ ਵਿੱਚ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਜ਼ਮੀਨ ਖਿਸਕ ਰਹੀਆਂ ਹਨ। ਅਜਿਹੇ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ ਤੇ ਚੱਕੀ ਮੋੜ ਨੇੜੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ।
ਸੋਲਨ ਜ਼ਿਲ੍ਹੇ ਦੇ ਸਨਅਤੀ ਖੇਤਰ ਬੱਦੀ ਵਿੱਚ ਬਾਲਦ ਨਦੀ ਤੇ ਬਣਿਆ ਪੁਲ ਨਦੀ ਦੇ ਆਫਰਣ ਕਾਰਨ ਟੁੱਟ ਗਿਆ। ਭਾਰੀ ਮੀਂਹ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਇੱਕ ਹਿੱਸਾ ਧੱਸ ਗਿਆ ਹੈ।
ਸੋਲਨ ਦੇ ਨਾਲ-ਨਾਲ ਮੰਡੀ ਜ਼ਿਲ੍ਹੇ ਵਿੱਚ ਵੀ ਭਾਰੀ ਮੀਂਹ ਕਾਰਨ ਹਾਲਾਤ ਖਰਾਬ ਹਨ। ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਕੁੱਲੂ ਜ਼ਿਲ੍ਹੇ ਦਾ ਸੰਪਰਕ ਪੂਰੀ ਤਰ੍ਹਾਂ ਕੱਟਿਆ ਗਿਆ ਹੈ। ਮਨਾਲੀ ਚੰਡੀਗੜ੍ਹ, ਮੰਡੀ ਪਠਾਨਕੋਟ ਤੇ ਜਲੰਧਰ ਧਰਮਪੁਰ ਮੰਡੀ ਹਾਈਵੇਅ ਤੇ ਕਈ ਥਾਵਾਂ ਤੇ ਢਿੱਗਾਂ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਕੋਟਰੋਪੀ ਵਿੱਚ ਜ਼ਮੀਨ ਖਿਸਕਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਤ ਨੂੰ ਹੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ।
ਮੈਗਲ ਵਿੱਚ ਹਾਈਵੇਅ ਤੇ ਮਲਬੇ ਕਾਰਨ ਕਈ ਵਾਹਨ ਚਿੱਕੜ ਵਿੱਚ ਫਸ ਗਏ ਹਨ। ਮੰਡੀ ਤੋਂ ਪੰਡੋਹ ਤਕ ਕਈ ਥਾਵਾਂ ਤੇ ਢਿੱਗਾਂ ਡਿੱਗੀਆਂ ਹਨ। ਪੰਡੋਹ ਕੈਂਚੀ ਮੋਡ ਵਿੱਚ ਅਸਥਾਈ ਮਾਰਗ ਨੁਕਸਾਨਿਆ ਗਿਆ ਹੈ। ਬਦਲਵਾਂ ਰਸਤਾ ਮੰਡੀ ਕਮਾਦ ਕਟੌਲਾ ਵੀ ਬੰਦ ਹੈ। ਤਿੰਨਾਂ ਮੁੱਖ ਮਾਰਗਾਂ ਤੇ ਹਜ਼ਾਰਾਂ ਵਾਹਨ ਫਸੇ ਹੋਏ ਹਨ। ਰਸਤਾ ਰੋਕੇ ਜਾਣ ਕਾਰਨ ਸੇਬ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਖਤਰਾ ਬਣਿਆ ਹੋਇਆ ਹੈ। ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ।
ਮੌਸਮ ਵਿਭਾਗ ਨੇ ਬਿਲਾਸਪੁਰ, ਹਮੀਰਪੁਰ, ਕੁੱਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਹੈ। ਇਸ ਦੇ ਮੱਦੇਨਜ਼ਰ ਮੰਡੀ ਅਤੇ ਸ਼ਿਮਲਾ ਵਿੱਚ ਦੋ ਦਿਨ ਸਕੂਲ ਬੰਦ ਰਹਿਣਗੇ।
ਇਸ ਸਮੇਂ ਮੰਡੀ ਦੇ ਪੇਂਡੂ ਖੇਤਰਾਂ ਵਿੱਚ 162 ਸੜਕ ਮਾਰਗ ਜਾਮ ਹਨ। ਇਸ ਕਾਰਨ ਪ੍ਰਸ਼ਾਸਨ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।
ਬੁੱਧਵਾਰ ਨੂੰ ਮੰਡੀ ਵਿੱਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਓਰੇਂਜ ਅਲਰਟ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਮੰਡੀ ਵਿੱਚ ਐਚ ਆਰ ਟੀ ਸੀ ਦੇ 964 ਰੂਟਾਂ ਵਿੱਚੋਂ 419 ਰੂਟ ਬੰਦ ਹਨ। 107 ਬੱਸਾਂ ਵੱਖ-ਵੱਖ ਥਾਵਾਂ ਤੇ ਫਸੀਆਂ ਹੋਈਆਂ ਹਨ। ਪ੍ਰਭਾਵਿਤ ਤੇ ਪਹੁੰਚ ਤੋਂ ਬਾਹਰ ਖੇਤਰਾਂ ਵਿੱਚ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਸੜਕ ਦੀ ਮੁਰੰਮਤ ਵਿੱਚ ਤੇਜ਼ੀ ਲਿਆਉਣ ਲਈ ਲੋਕ ਨਿਰਮਾਣ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।