ਰੀਵਾ, 8 ਅਗਸਤ – ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਹਨੂਮਨਾ ਥਾਣਾ ਖੇਤਰ ਵਿੱਚ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਖ਼ੁਦ ਇਸ ਮਾਮਲੇ ਵਿੱਚ ਨੋਟਿਸ ਲਿਆ। ਇਸ ਮਾਮਲੇ ਵਿੱਚ ਕੁੱਲ 7 ਵਿਅਕਤੀਆਂ ਸ਼ਾਮਿਲ ਹਨ, ਜਿਨ੍ਹਾਂ ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ 2 ਹੋਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਸਮੂਹਿਕ ਜਬਰ ਜ਼ਿਨਾਹ ਦਾ ਇਕ ਵੀਡੀਓ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ।
ਵੀਡੀਓ ਪੁਲੀਸ ਕੋਲ ਪਹੁੰਚਣ ਤੇ ਮਾਮਲੇ ਵਿੱਚ ਨੋਟਿਸ ਲਿਆ ਗਿਆ। ਪੁਲੀਸ ਨੇ ਇਸ ਮਾਮਲੇ ਨਾਲ ਜੁੜੇ 7 ਮੁਲਜ਼ਮਾਂ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲੀਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ 2 ਹੋਰ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਲਗਭਗ 25 ਦਿਨ ਪਹਿਲਾਂ ਦੀ ਹੈ, ਜਿਸ ਦਾ ਵੀਡੀਓ ਮੁਲਜ਼ਮਾਂ ਵਿੱਚੋਂ ਹੀ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ। ਲਗਭਗ 25 ਦਿਨ ਪਹਿਲਾਂ 2 ਕੁੜੀਆਂ ਪਿਪਰਾਹੀ ਦੇ ਜੰਗਲ ਵਿੱਚ ਗਈਆਂ ਸਨ। ਉੱਥੋਂ ਵਾਪਸ ਆਪਣੇ ਘਰ ਆ ਰਹੀਆਂ ਸਨ, ਉਦੋਂ ਮੁਲਜ਼ਮਾਂ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ। ਘਟਨਾ ਤੋਂ ਬਾਅਦ ਦੋਸ਼ੀਆਂ ਨੇ ਉਨ੍ਹਾਂ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦੇ ਕੇ ਛੱਡ ਦਿੱਤਾ ਸੀ। ਪੁਲੀਸ ਮਾਮਲੇ ਦੀ ਐਫ.ਆਈ.ਆਰ. ਦਰਜ ਕਰ ਕੇ ਜਾਂਚ ਕਰ ਰਹੀ ਹੈ।