ਨਵੀਂ ਦਿੱਲੀ, 8 ਅਗਸਤ – ਪੱਛਮੀ ਦਿੱਲੀ ਦੇ ਜਾਫ਼ਰਪੁਰ ਕਲਾਂ ਵਿੱਚ ਇਕ ਵਿਅਕਤੀ ਨੇ 47 ਸਾਲਾ ਇਕ ਕਿਸਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਵਿਨੋਦ ਦੇ ਰੂਪ ਵਿਚ ਕੀਤੀ ਗਈ ਹੈ। ਪੁਲੀਸ ਅਨੁਸਾਰ ਵਿਨੋਦ ਨੂੰ ਸ਼ੱਕ ਸੀ ਕਿ ਪੀੜਤ ਨੇ ਉਸ ਤੇ ਕਾਲਾ ਜਾਦੂ ਕੀਤਾ ਹੈ। ਪੁਲੀਸ ਡਿਪਟੀ ਕਮਿਸ਼ਨਰ ਐਮ. ਹਰਸ਼ਵਰਧਨ ਨੇ ਦੱਸਿਆ ਕਿ ਵਿਨੋਦ ਨੇ ਆਪਣੇ ਗੁਆਂਢੀ ਸੁਨੀਲ ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਗੁਆਂਢੀ ਰਾਜਪਾਲ ਨੇ ਸੁਨੀਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜਾਫਰਪੁਰ ਕਲਾਂ ਪੁਲੀਸ ਥਾਣੇ ਵਿਚ ਆਈ. ਪੀ. ਸੀ. ਦੀਆਂ ਧਾਰਾਵਾਂ 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਸੁਰਹੇਰਾ ਪਿੰਡ ਦੇ ਵਾਸੀ ਵਿਨੋਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਨੋਦ ਨੇ ਪੁਲੀਸ ਨੂੰ ਦੱਸਿਆ ਕਿ ਉਸ ਇਸ ਗੱਲ ਦਾ ਸ਼ੱਕ ਸੀ ਕਿ ਸੁਨੀਲ ਨੇ ਉਸ ਤੇ ਕਾਲਾ ਜਾਦੂ ਕੀਤਾ ਹੈ, ਇਸ ਉਸ ਨੇ ਉਸ ਤੇ ਹਮਲਾ ਕੀਤਾ। ਪੁਲੀਸ ਨੇ ਦੱਸਿਆ ਕਿ ਸੁਨੀਲ ਕਿਸਾਨ ਸੀ ਅਤੇ ਰਾਜਪਾਲ ਸਰਕਾਰੀ ਨੌਕਰੀ ਕਰਦਾ ਸੀ , ਜਦਕਿ ਵਿਨੋਦ ਬੇਰੋਜ਼ਗਾਰ ਹੈ।