ਕੁੱਲੂ, 25 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਗਡਸਾ ਘਾਟੀ ਵਿਚ ਸਵੇਰੇ 4 ਵਜੇ ਬੱਦਲ ਫਟਣ ਨਾਲ ਬਹੁਤ ਤਬਾਹੀ ਮਚੀ। ਇਸ ਨਾਲ ਇਕ ਦਰਜਨ ਤੋਂ ਜ਼ਿਆਦਾ ਘਰ ਨਾਲੇ ਵਿਚ ਵਹਿ ਗਏ। ਗਡਸਾ ਨਾਲੇ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਸੰਪਰਕ ਮਾਰਗ ਪੂਰੀ ਤਰ੍ਹਾਂ ਨੁਕਸਾਨੇ ਹੋਣ ਕਾਰਨ ਇਲਾਕੇ ਦੇ ਲੋਕਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲੋਂ ਸੰਪਰਕ ਕੱਟ ਗਿਆ ਹੈ। ਗਡਸਾ ਘਾਟੀ ਵਿਚ ਵੀ ਭੇਡ ਫਾਰਮ ਨੂੰ ਨੁਕਸਾਨ ਹੋਇਆ ਹੈ। 2 ਪੁਲ ਅਤੇ ਕੁਝ ਮਵੇਸ਼ੀਆਂ ਦੇ ਵੀ ਹੜ੍ਹ ਵਿਚ ਵਹਿਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਮੌਸਮ ਵਿਗਿਆਨ ਨੇ ਅਗਲੇ 4 ਦਿਨਾਂ ਦੇ ਤੇਜ਼ ਬਾਰਿਸ਼ ਦਾ ਅਲਰਟ ਦੇ ਰੱਖਿਆ ਹੈ। ਤਾਜ਼ਾ ਬੁਲੇਟਿਨ ਵਿਚ ਓਰੈਂਜ ਅਲਰਟ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ਤੇ ਭਾਰੀ ਬਾਰਿਸ਼ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ।
ਹਿਮਾਚਲ ਪ੍ਰਦੇਸ਼ ਵਿਚ ਹੁਣ ਤੱਕ ਭਾਰੀ ਮੀਂਹ ਨਾਲ ਜਾਨ ਅਤੇ ਮਾਲ ਦੋਹਾਂ ਦਾ ਰਿਕਾਰਡ ਨੁਕਸਾਨ ਹੋਇਆ ਹੈ। 24 ਜੂਨ ਤੋਂ ਹੁਣ ਤੱਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ ਵਿਚ ਆਉਣ ਨਾਲ 44 ਲੋਕਾਂ ਦੀ ਜਾਨ ਜਾ ਚੁੱਕੀ ਹੈ। 42 ਲੋਕਾਂ ਦੀ ਮੌਤ 7 ਤੋਂ 11 ਜੁਲਾਈ ਦਰਮਿਆਨ ਹੋਈ ਭਾਰੀ ਬਾਰਿਸ਼ ਦੌਰਾਨ ਗਈ। ਕੁੱਲੂ ਅਤੇ ਮੰਡੀ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਤਬਾਹੀ ਮਚੀ ਹੈ। ਹਿਮਾਚਲ ਪ੍ਰਦੇਸ਼ ਵਿਚ 5116 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਮੀਂਹ ਦੀ ਭੇਟ ਚੜ੍ਹ ਚੁੱਕੀ ਹੈ।