ਜੰਮੂ, 25 ਜੁਲਾਈ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਅੰਤਰਰਾਸ਼ਟਰੀ ਸਰਹੱਦ ਕੋਲ ਨਸ਼ੀਲੇ ਪਦਾਰਥ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਅਤੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ.ਦੇ ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਘੁਸਪੈਠੀਏ ਕੋਲੋਂ ਚਾਰ ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।
ਜੰਮੂ ਵਿਚ ਬੁਲਾਰੇ ਨੇ ਕਿਹਾ ਅੱਜ ਦਰਮਿਆਨ ਰਾਤ ਨੂੰ ਬੀ.ਐੱਸ.ਐੱਫ. ਦੇ ਸਰਗਰਮ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ, ਜੋ ਰਾਮਗੜ੍ਹ ਸਰਹੱਦ ਖੇਤਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ।” ਉਨ੍ਹਾਂ ਕਿਹਾ ਕਿ ਖੇਤਰ ਦੀ ਸ਼ੁਰੂਆਤੀ ਜਾਂਚ ਦੌਰਾਨ ਘੁਸਪੈਠੀਏ ਦੀ ਲਾਸ਼ ਕੋਲੋਂ ਸ਼ੱਕੀ ਨਸ਼ੀਲੇ ਪਦਾਰਥ ਦੇ ਇਕ-ਇਕ ਕਿਲੋਗ੍ਰਾਮ ਦੇ ਚਾਰ ਪੈਕੇਟ ਮਿਲੇ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਕਿ ਸਰਗਰਮ ਸਰਹੱਦੀ ਜਵਾਨਾਂ ਨੇ ਸੋਮਵਾਰ ਦੇਰ ਰਾਤ ਰਾਮਗੜ੍ਹ ਸੈਕਟਰ ਵਿਚ ਐੱਸ.ਐੱਮ. ਪੁਰਾ ਚੌਕੀ ਕੋਲ ਸ਼ੱਕੀ ਗਤੀਵਿਧੀ ਦੇਖੀ ਅਤੇ ਜਦੋਂ ਸ਼ੱਕੀ ਘੁਸਪੈਠੀਆ ਵਾਰ-ਵਾਰ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਨਹੀਂ ਰੁਕਿਆ ਤਾਂ ਉਨ੍ਹਾਂ ਨੇ ਉਸ ਤੇ ਗੋਲੀ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਯਕੀਨੀ ਕੀਤੀ ਜਾ ਰਹੀ ਹੈ, ਕਿਉਂਕਿ ਇਲਾਕੇ ਦੀ ਤਲਾਸ਼ੀ ਅਜੇ ਜਾਰੀ ਹੈ।