ਮਾਨਸਾ, 17 ਜੁਲਾਈ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਮਿਦ ਦੁਬਈ ਵਿਚ ਰਹਿੰਦਾ ਹੈ।
ਮੂਸੇਵਾਲਾ ਤੇ ਜਿਨ੍ਹਾਂ ਤਿੰਨ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ, ਉਨ੍ਹਾਂ ਵਿਚ ਆਸਟ੍ਰੇਲੀਆ ਦੀ ਗਲੋਕ-30, ਜਿਗਾਨਾ ਪਿਸਤੌਲ, ਜਰਮਨ ਮੇਡ ਹੇਕਲਰ ਐਂਡ ਕੋਚ ਅਤੇ ਅਸਾਲਟ ਰਾਈਫਲ ਐਨ ਏ94 ਸ਼ਾਮਲ ਸੀ।
ਐਨ ਆਈ ਏ ਨੇ ਬੁਲੰਦ ਸ਼ਹਿਰ ਦੇ ਕਾਰੋਬਾਰੀ ਸ਼ਾਹਬਾਜ ਅੰਸਾਰੀ ਨੂੰ 8 ਦਿਸੰਬਰ 2022 ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਬਾਜ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਕਈ ਬਾਰ ਦੁਬਈ ਅਤੇ ਕੈਨੇਡਾ ਗਿਆ ਹੈ। ਇਨ੍ਹਾਂ ਦੌਰਿਆਂ ਦੌਰਾਨ ਉਹ ਦੁਬਈ ਵਿੱਚ ਹਵਾਲਾ ਕਾਰੋਬਾਰ ਚਲਾਉਣ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ।
ਐਨ ਆਈ ਏ ਅਨੁਸਾਰ ਹਾਮਿਦ ਨੇ ਅੰਸਾਰੀ ਨੂੰ ਆਪਣਾ ਫ਼ੋਨ ਦਿਖਾਇਆ, ਜਿਸ ਵਿੱਚ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਆਡੀਓ ਰਿਕਾਰਡਿੰਗ ਸੀ। ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਸੀ। ਗੈਂਗਸਟਰ ਨੇ ਮੂਸੇਵਾਲਾ ਦੇ ਕਤਲ ਲਈ ਅਸਾਲਟ ਰਾਈਫਲਾਂ ਅਤੇ ਹੋਰ ਆਧੁਨਿਕ ਹਾਈਟੈਕ ਹਥਿਆਰਾਂ ਦੀ ਮੰਗ ਕੀਤੀ ਸੀ। ਐਟ ਆਈ ਏ ਅੰਸਾਰੀ ਦੇ ਨਾਲ ਹਾਮਿਦ ਅਤੇ ਫੈਜ਼ੀ ਖਾਨ ਦੇ ਹਥਿਆਰਾਂ ਦੀ ਵੰਡ ਦੇ ਨੈਟਵਰਕ ਬਾਰੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।