ਸਰੀ, 14 ਜੂਨ 2020 – ਪਿਛਲੇ ਹਫਤੇ ਉੱਤਰੀ ਨਿਊ ਬਰੱਨਸਵਿਕ ਵਿਚ ਪੁਲਿਸ ਦੁਆਰਾ ਕਥਿਤ ਤੌਰ ਤੇ ਮਾਰੀ ਗਈ ਇੱਕ ਜਵਾਨ ਸਵਦੇਸ਼ੀ ਔਰਤ ਚੈਂਟੇਲ ਮੂਰ ਦੀ ਯਾਦ ਵਿਚ ਅੱਜ ਨਿਊ ਬਰੱਨਸਵਿਕ ਦੇ ਸ਼ਹਿਰਾਂ ਐਡਮਿੰਟਨ, ਫਰੈਡਰਿਕਟਨ ਅਤੇ ਮੋਨਕਟਨ ਅਤੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਅਤੇ ਮੈਬਰਟੌ ਸ਼ਹਿਰਾਂ ‘ਚ ਮਾਰਚ ਕੀਤੇ ਗਏ।
ਵਰਨਣਯੋਗ ਹੈ ਕਿ 4 ਜੂਨ 2020 ਚੈਂਟੇਲ ਮੂਰ ਨੂੰ ਇੱਕ ਪੁਲਿਸ ਅਧਿਕਾਰੀ ਨੇ ਕਥਿਤ ਤੌਰ ਤੇ ਗੋਲੀ ਮਾਰ ਦਿੱਤੀ ਸੀ। ਵੀਰਵਾਰ ਨੂੰ ਮੂਰ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਕਿਊਬੈਕ ਦੀ ਸੁਤੰਤਰ ਪੁਲਿਸ ਜਾਂਚ ਏਜੰਸੀ ਦੁਆਰਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਹੈਲੀਫੈਕਸ ਵਿਚ ਲਗਭਗ 400 ਲੋਕਾਂ ਨੇ ਚੈਂਟੇਲ ਮੂਰ ਦੀ ਯਾਦ ਵਿਚ “ਹੀਲਿੰਗ ਵਾਕ” ਕੀਤਾ। ਸਵਦੇਸ਼ੀ ਲੋਕਾਂ ਅਤੇ ਸਮਰਥਕਾਂ ਦਾ ਇਹ ਮਾਰਚ 1:30 ਵਜੇ ਦੇ ਕਰੀਬ ਗ੍ਰੈਂਡ ਪਰੇਡ ਵਿੱਚ ਸ਼ੁਰੂ ਹੋਇਆ,ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਪੀਲੇ ਅਤੇ ਸੁਨਹਿਰੀ ਰੰਗ ਦੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ। ਇਸ ਮਾਰਚ ਦੇ ਪ੍ਰਬੰਧਕਾਂ ਨੇ ਆਪਣੇ ਹੱਥਾਂ ਵਿਚ ਪੈਂਫਲੈਟ ਫੜੇ ਹੋਏ ਸਨ ਜਿਨ੍ਹਾਂ ਉਪਰ ਉਨ੍ਹਾਂ 8 ਸਵਦੇਸੀ ਲੋਕਾਂ ਦੇ ਨਾਮ ਲਿਖੇ ਹੋਏ ਸਨ, ਜੋ ਅਪ੍ਰੈਲ ਤੋਂ ਹੁਣ ਤੱਕ ਕੈਨੇਡਾ ਵਿੱਚ ਪੁਲਿਸ ਹੱਥੋਂ ਮਾਰੇ ਗਏ।
ਇਹ ਮਾਰਚ ਗੋਟੀਗੇਨ ਸਟ੍ਰੀਟ ‘ਤੇ ਹੈਲੀਫੈਕਸ ਖੇਤਰੀ ਪੁਲਿਸ ਹੈੱਡਕੁਆਰਟਰ’ ਤੇ ਮਰਹੂਮ ਚੈਂਟੇਲ ਮੂਰ ਦੇ ਸਨਮਾਨ ਵਿਚ ਗਾਏ ਸੋਗਮਈ ਗੀਤ ਨਾਲ ਸਮਾਪਤ ਹੋਇਆ।