ਕੁੱਲੂ, 17 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਦੋ ਥਾਵਾਂ ਤੇ ਬੱਦਲ ਫਟ ਗਏ। ਕੁੱਲੂ ਜ਼ਿਲ੍ਹੇ ਦੇ ਰਾਯਸਨ ਦੇ ਕਾਯਸ ਨਾਲਾ ਵਿਚ ਅੱਜ ਸਵੇਰੇ 3:55 ਵਜੇ ਬੱਦਲ ਫੱਟਿਆ। ਇਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਦੋ ਜ਼ਖਮੀ ਹਨ। ਬਹੁਤ ਸਾਰੇ ਵਾਹਨ ਪਾਣੀ ਵਿਚ ਵਹਿ ਗਏ ਹਨ। ਹਿਮਾਚਲ ਪ੍ਰਦੇਸ਼ ਵਿਚ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲੂ ਥਾਣੇ ਵਿਚ ਸਵੇਰੇ ਸੂਚਨਾ ਮਿਲੀ ਸੀ ਕਿ ਕੈਸ ਪਿੰਡ ਦੇ ਕੋਟਾ ਨਾਲਾ ਵਿਚ ਬੱਦਲ ਫਟ ਗਿਆ ਹੈ। ਇਸ ਦੌਰਾਨ ਵਾਹਨ ਵਹਿ ਗਏ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਦਲ ਫਟਣ ਕਾਰਨ ਬੋਲੈਰੋ ਕੈਂਪਰ ਗੱਡੀ ਵਿਚ ਮੌਜੂਦ 4 ਵਿਅਕਤੀ ਲਪੇਟ ਵਿਚ ਆਏ ਹਨ। ਇਸ ਵਿੱਚ ਇੱਕ ਵਿਅਕਤੀ ਬਾਦਲ ਸ਼ਰਮਾ (28) ਪਿੰਡ ਚਾਂਸਰੀ ਜ਼ਿਲ੍ਹਾ ਕੁੱਲੂ ਦੀ ਮੌਤ ਹੋ ਗਈ।
ਗੱਡੀ ਵਿਚ ਬੈਠੇ ਹੋਰ ਦੋ ਵਿਅਕਤੀ ਖੇਮ ਚੰਦ (53) ਪਿੰਡ ਬੜੋਗੀ ਕੁੱਲੂ ਅਤੇ ਸੁਰੇਸ਼ ਸ਼ਰਮਾ (38) ਪਿੰਡ ਚਾਂਸਰੀ ਕੁੱਲੂ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੱਡੀ ਦਾ ਡਰਾਈਵਰ ਸੁਰੱਖਿਅਤ ਹੈ। ਇਸ ਤੋਂ ਇਲਾਵਾ ਛੇ ਹੋਰ ਵਾਹਨ ਅਤੇ ਤਿੰਨ ਦੋਪਹੀਆ ਵਾਹਨ ਨੁਕਸਾਨੇ ਗਏ ਹਨ।
ਡੀਐਸਪੀ ਹੈੱਡਕੁਆਰਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਕੈਸ ਪਿੰਡ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਇਸ ਵਿੱਚ ਇੱਕ ਦੀ ਮੌਤ ਹੋ ਗਈ ਹੈ। ਦੋ ਜ਼ਖਮੀ ਅਤੇ 9 ਵਾਹਨ ਨੁਕਸਾਨੇ ਗਏ। ਖਰਹਾਲ ਵਿੱਚ ਬੀਤੀ ਰਾਤ ਨੂੰ ਬੱਦਲ ਫਟਿਆ, ਨਾਲੇ ਵਿੱਚ ਹੜ੍ਹ ਆਉਣ ਕਾਰਨ ਨਿਉਲੀ ਸਕੂਲ ਅਤੇ ਕਈ ਘਰਾਂ ਵਿੱਚ ਪਾਣੀ ਭਰ ਗਿਆ। ਇੱਕ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਿਆ।