ਦਮਦਮਾ ਸਾਹਿਬ (ਤਲਵੰਡੀ ਸਾਬੋ) :- 19 ਜੂਨ -ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸਰਕਾਰਾਂ ਦੀ ਬੇਇਨਸਾਫੀ ਤੇ ਤਾਨਾਸ਼ਾਹੀ ਦੇ ਸ਼ਿਕਾਰ ਹੋਏ ਖਾਲਸਾ ਪੰਥ ਦੇ ਸੂਰਬੀਰ ਸਿੰਘ ਜੋ ਆਪਣੀਆਂ ਸਜਾਵਾਂ ਵੀ ਕਾਨੂੰਨੀ ਪੱਧਰ ਤੇ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਬੰਦੀ ਬਣਾ ਕੇ ਰੱਖੇ ਹੋਏ ਹਨ। ਕੇਂਦਰ ਅਤੇ ਵੱਖ-ਵੱਖ ਪ੍ਰਾਤਾਂ ਨਾਲ ਸਬੰਧਤ ਸਰਕਾਰਾਂ ਨੂੰ ਬਿਨ੍ਹਾਂ ਸ਼ਰਤ ਇਨ੍ਹਾਂ ਬੰਦੀ ਸਿੰਘਾਂ ਨੂੰ ਸ਼ੀਘਰ ਰਿਹਾਅ ਕਰਨਾ ਚਾਹੀਦਾ ਹੈ। ਦੇਰ ਨਾਲ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਸਿੰਘਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਹਨ, ਉਹ ਕਈ ਦਹਾਕਿਆਂ ਤੋਂ ਇਨਸਾਫ ਲਈ ਲੜਦੇ, ਮੁਕੱਦਮਿਆਂ ਦੀ ਮੱਦਾਂ ਨੂੰ ਝੂਠੀਆਂ ਸਾਬਤ ਕਰਦਿਆਂ ਜੇਹਲਾਂ ਵਿਚ ਸਜ਼ਾ ਜਾਬਤਾ ਸਮਾਂ ਵੀ ਪੂਰਾ ਕਰ ਚੁੱਕੇ ਹਨ, ਪਰ ਸਰਕਾਰਾਂ ਦੀ ਘੋਰ ਬੇਵਫਾਈ ਕਿ ਉਨ੍ਹਾਂ ਨੂੰ ਅੱਜ ਵੀ ਰਿਹਾਈ ਨਹੀਂ ਮਿਲੀ। ਸਰਕਾਰਾਂ ਜਮਹੂਰੀਅਤ ਦਾ ਦਾਅਵਾ ਕਰਦੀਆਂ ਅਸਲ ਵਿੱਚ ਉਹ ਆਪ ਹੀ ਲੋਕਤੰਤਰੀ ਢਾਂਚੇ ਦਾ ਗਲਾ ਘੁੱਟ ਰਹੀਆਂ ਹਨ।