ਨਵੀਂ ਦਿੱਲੀ, 17 ਜੁਲਾਈ – ਹਾਲ ਹੀ ਵਿਚ ਕਈ ਵਿਵਾਦਿਤ ਵੀਡੀਓਜ਼ ਕਾਰਨ ਚਰਚਾ ਵਿਚ ਰਹੇ ਕੇਦਾਰਨਾਥ ਮੰਦਰ ਵਿਚ ਮੋਬਾਇਲ ਫ਼ੋਨ ਨਾਲ ਦਾਖ਼ਲ ਹੋਣ, ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਦਰ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਵਾਲੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਇਸ ਸਬੰਧ ਵਿਚ ਮੰਦਰ ਕੰਪਲੈਕਸ ਵਿਚ ਵੱਖ-ਵੱਖ ਥਾਵਾਂ ਤੇ ਬੋਰਡ ਲਗਾ ਦਿੱਤੇ ਹਨ।
ਇਨ੍ਹਾਂ ਬੋਰਡਾਂ ਤੇ ਲਿਖਿਆ ਗਿਆ ਹੈ ਕਿ ਮੰਦਰ ਕੰਪਲੈਕਸ ਵਿਚ ਮੋਬਾਇਲ ਫੋਨ ਲੈ ਕੇ ਦਾਖਲ ਨਾ ਹੋਵੋ, ਮੰਦਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਤੁਸੀਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਹੋ। ਕੁਝ ਹੋਰ ਬੋਰਡਾਂ ਤੇ ਮੰਦਰ ਅਤੇ ਮੰਦਰ ਕੰਪਲੈਕਸ ਵਿਚ ਸਿਰਫ਼ ਮਰਿਆਦਾਪੂਰਨ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦਕਿ ਇੱਕ ਹੋਰ ਬੋਰਡ ਤੇ ਲਿਖਿਆ ਗਿਆ ਹੈ ਕਿ ਮੰਦਰ ਦੇ ਵਿਹੜੇ ਵਿਚ ਟੈਂਟ ਜਾਂ ਸ਼ਿਵਰ ਲਗਾਉਣਾ ਸਜ਼ਾਯੋਗ ਅਪਰਾਧ ਹੈ।
ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੇ ਇਨ੍ਹਾਂ ਬੋਰਡਾਂ ਤੇ ਸਪੱਸ਼ਟ ਲਿਖਿਆ ਗਿਆ ਹੈ ਕਿ ਅਜਿਹਾ ਕਰਦੇ ਹੋਏ ਫੜੇ ਜਾਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ਵਿਚ ਗੜ੍ਹਵਾਲ ਹਿਮਾਲਿਆ ਵਿਚ ਸਥਿਤ ਕੇਦਾਰਨਾਥ ਮੰਦਰ ਵਿਚ ਬਣਾਈਆਂ ਗਈਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਤੀਰਥ ਪੁਰੋਹਿਤਾਂ ਤੋਂ ਲੈ ਕੇ ਸ਼ਰਧਾਲੂਆਂ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਇਤਰਾਜ਼ ਜਤਾਇਆ ਸੀ ਅਤੇ ਧਾਰਮਿਕ ਸਥਾਨਾਂ ਤੇ ਅਜਿਹੀਆਂ ਹਰਕਤਾਂ ਨੂੰ ਗ਼ਲਤ ਕਰਾਰ ਦਿੱਤਾ ਸੀ।
ਇਕ ਵੀਡੀਓ ਵਿਚ ਜਿਥੇ ਮੰਦਰ ਕੰਪਲੈਕਸ ਵਿਚ ਆਪਣੇ ਮਰਦ ਦੋਸਤ ਨੂੰ ਨਾਟਕੀ ਢੰਗ ਨਾਲ ਆਪਣੇ ਗੋਡਿਆਂ ਦੇ ਭਾਰ ਬੈਠ ਕੇ ਪ੍ਰਪੋਜ਼ ਕਰਦੀ ਇਕ ਵਲਾਗਰ ਦਿਖਾਈ ਦਿੱਤੀ ਸੀ, ਉੱਥੇ ਹੀ ਇਕ ਹੋਰ ਵੀਡੀਓ ਵਿਚ ਮੰਦਰ ਦੇ ਗਰਭ ਗ੍ਰਹਿ ਵਿਚ ਇਕ ਔਰਤ ਨੋਟ ਉਡਾਉਂਦੀ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਵੀ ਕਈ ਲੋਕਾਂ ਨੂੰ ਕੇਦਾਰਨਾਥ ਮੰਦਰ ਵਿਚ ਰੀਲ ਬਣਾਉਂਦੇ ਦੇਖਿਆ ਗਿਆ ਸੀ।
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਧਾਰਮਿਕ ਸਥਾਨ ਦੀ ਇਕ ਮਰਿਆਦਾ, ਮਾਨਤਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਉਸ ਅਨੁਸਾਰ ਵਤੀਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਬਦਰੀਨਾਥ ਧਾਮ ਵਿਚ ਅਜਿਹੀ ਕੋਈ ਸ਼ਿਕਾਇਤ ਅਜੇ ਨਹੀਂ ਆਈ ਹੈ ਪਰ ਜਲਦ ਹੀ ਅਜਿਹੇ ਬੋਰਡ ਉੱਥੇ ਵੀ ਲਗਾਏ ਜਾਣਗੇ।