ਬੂਥਗੜ੍ਹ, -ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੀ ਟੀਮ ਨੇ ਤੰਬਾਕੂ ਰੋਕਥਾਮ ਲਈ ਮਈ ਮਹੀਨੇ ਵਿੱਚ ਹੁਣ ਤਕ 88 ਥਾਵਾਂ ਤੇ ਜਾਂਚ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ 44 ਚਾਲਾਨ ਕੀਤੇਹਨ।
ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਟੀਮ ਨੇ ਵੱਖ-ਵੱਖ ਥਾਈਂ ਦੁਕਾਨਾਂ, ਰੇਹੜੀ-ਫੜ੍ਹੀ ਵਾਲਿਆਂ ਦੀ ਜਾਂਚ ਕੀਤੀ ਅਤੇ ਕੁਲ 4450 ਰੁਪਏ ਜੁਰਮਾਨਾ ਵਸੂਲ ਕੀਤਾ। ਉਨ੍ਹਾਂ ਦਸਿਆ ਕਿ ਜਾਂਚ ਦੌਰਾਨ ਵੇਖਿਆ ਗਿਆ ਕਿ ਕੁਝ ਦੁਕਾਨਦਾਰਾਂ ਨੇ ਤੰਬਾਕੂ ਦੀ ਵਰਤੋਂ ਸਬੰਧੀ ਚਿਤਾਵਨੀ ਬੋਰਡ ਨਹੀਂ ਲਾਏ ਹੋਏ ਸਨ ਅਤੇ ਕੁਝ ਕਰਿਆਨਾ ਦੁਕਾਨਦਾਰ ਤੰਬਾਕੂ ਵੇਚ ਰਹੇ ਸਨ ਜਿਸ ਕਾਰਨ ਉਨ੍ਹਾਂ ਦੇ ਚਾਲਾਨ ਕੀਤੇ ਗਏ ਅਤੇ ਜੁਰਮਾਨਾ ਵਸੂਲ ਕੀਤਾ ਗਿਆ।
ਉਹਨਾਂ ਦੱਸਿਆ ਕਿ ਟੀਮ ਵਲੋਂ ਚਾਲਾਨ ਕੱਟਣ ਮਗਰੋਂ ਦੁਕਾਨਦਾਰਾਂ ਅਤੇ ਹੋਰ ਵਿਅਕਤੀਆਂ ਨੂੰ ‘ਸਿਗਰਟਸ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ’ (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦਸਿਆ ਗਿਆ ਕਿ ਕਿਸੇ ਵੀ ਜਨਤਕ ਥਾਂ ਉਤੇ ਤੰਬਾਕੂਨੋਸ਼ੀ ਨਹੀਂ ਕੀਤੀ ਜਾ ਸਕਦੀ। ਕੋਟਪਾ ਤਹਿਤ ਸਿਗਰਟ ਦੇ ਜਿਸ ਪੈਕੇਟ ਤੇ 85 ਫ਼ੀਸਦੀ ਚਿਤਾਵਨੀ ਚਿੰਨ੍ਹ ਨਹੀਂ ਹੁੰਦੇ, ਉਸ ਨੂੰ ਪਾਬੰਦੀਸ਼ੁਦਾ ਜਾਂ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਖੁਲ੍ਹੀਆਂ ਸਿਗਰਟਾਂ ਵੇਚਣਾ ਅਤੇ ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥ ਵੇਚਣਾ ਗ਼ੈਰਕਾਨੂੰਨੀ ਹੈ। ਜਾਂਚ ਟੀਮ ਵਿਚ ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਐਮ.ਐਲ.ਟੀ. ਸੁਖਦੇਵ ਸਿੰਘ ਤੇ ਹੋਰ ਸਿਹਤ ਅਧਿਕਾਰੀ ਸ਼ਾਮਲ ਸਨ।