ਫ਼ਾਜ਼ਿਲਕਾ, 21 ਜੁਲਾਈ-ਕੋਰੋਨਾ ਵਾਇਰਸ ਦੇ ਸਕੰਟ ਨਾਲ ਜਿਥੇ ਪੂਰੀ ਦੁਨੀਆ ਇਸ ਮਹਾਂਮਾਰੀ ਨਾਲ ਜੂਝ ਰਹੀ ਹੈ ਉਥੇ ਇਸ ਔਖੀ ਘੜੀ ’ਚ ਮੁੱਢਲੀ ਕਤਾਰ ’ਚ ਹੋ ਕੇ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰ, ਪੁਲਿਸ ਕਰਮੀ, ਸਫਾਈ ਸੇਵਕਾਂ ਅਤੇ ਹੋਰ ਅਧਿਕਾਰੀ ਜੋ ਬਾਖੂਬੀ ਆਪਣੀ ਡਿਊਟੀ ਦਿਨ ਰਾਤ ਨਿਭਾਅ ਰਹੇ ਹਨ ਉਨਾਂ ਨੂੰ ਸਮਰਪਿਤ ਗੀਤ ‘‘ਹੈ ਕਰੋਨਾ ਨੂੰ ਹਰਾਨਾ’’ ਅੱਜ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਯੂ-ਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਗੀਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਨਦੇਹੀ ਨਾਲ ਡਿਊਟੀ ਕਰ ਰਹੇ ਅਧਿਕਾਰੀਆਂ ਅੰਦਰ ਉਤਸ਼ਾਹ ਭਰੇਗਾ ਅਤੇ ਅਧਿਕਾਰੀ ਹੋਰ ਜਿੰਮੇਵਾਰੀ ਨਾਲ ਡਿਊਟੀ ਨੂੰ ਨੇਪਰੇ ਚੜਾਉਣਗੇ। ਇਸ ਮੌਕੇ ਰਾਕੇਸ਼ ਨਾਗਪਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਨੂੰ ਹਰਾਨਾ ਗੀਤ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰਾਂ, ਪੁਲਿਸ ਕਰਮੀਆਂ, ਸਫਾਈ ਸੇਵਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੋਵਿਡ ਦੌਰਾਨ ਨਿਭਾਈ ਗਈ ਅਹਿਮ ਭੂਮਿਕਾ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਇਸ ਗੀਤ ਨਾਲ ਉਨਾਂ ਅੰਦਰ ਹੋਰ ਜਜਬਾ ਪੈਦਾ ਹੋਵੇਗਾ ਅਤੇ ਉਨਾਂ ਦੀ ਹੌਸਲਾ ਅਫਜਾਈ ਵੀ ਹੋਵੇਗੀ। ਉਨਾਂ ਕਿਹਾ ਕਿ ਕੋਵਿਡ ਨੂੰ ਹਰਾਉਣ ਲਈ ਸਾਨੂੰ ਸਭ ਨੂੰ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਪਵੇਗੀ। ਉਨਾਂ ਕਿਹਾ ਕਿ ਹਰੇਕ ਵਿਅਕਤੀ ਮਾਸਕ ਜ਼ਰੂਰ ਪਾਵੇ, ਇਕਠ ਵਾਲੀ ਜਗਾਂ ’ਤੇ ਸਮਾਜਿਕ ਦੂਰੀ ਬਣਾਈ ਰੱਖੇ ਅਤੇ ਕਿਸੇ ਚੀਜ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ਵਿੱਚ ਹੈਂਡ ਸੈਨੇਟਾਈਜ਼ਰ ਜਾਂ ਸਾਬਣ ਨਾਲ ਹੱਥ ਜ਼ਰੂਰ ਧੋਵੇ।
ਇਸ ਮੌਕੇ ਗੀਤ ਦੇ ਨਿਰਮਾਤਾ ਤੇ ਨਿਰਦੇਸ਼ਕ ਅਮਿ੍ਰਤ ਸਚਦੇਵਾ ਅਤੇ ਪਾਰਸ ਕਟਾਰੀਆ ਨੇ ਦੱਸਿਆ ਕਿ ਇਸ ਗੀਤ ਨੂੰ ਸੰਜੀਵ ਸ਼ਰਮਾ ਤੇ ਅਨੁਸ਼ਕਾ ਕੱਕੜ ਨੇ ਗਾਇਆ ਹੈ। ਇਸ ਗੀਤ ਨੂੰ ਸਮਾਜ ਸੇਵੀ ਤੇ ਰਾਬਿਨਹੁਡ ਆਰਮੀ ਦੇ ਸੰਯੋਜਕ ਆਨੰਦ ਜੈਨ ਤੇ ਗੀਤਕਾਰ ਸੀਪਾ ਲੋਹਾਰ ਨੇ ਲਿਖਿਆ ਹੈ। ਇਸ ਗੀਤ ਨੂੰ ਸਫਲ ਬਣਾਉਣ ਲਈ ਹਰਸ਼ ਜੁਨੇਜਾ, ਜਗਦੀਸ਼ ਕੁਮਾਰ, ਪੰਕਜ, ਸ਼ਿਵਮ ਮਦਾਨ ਨੇ ਅਹਿਮ ਰੋਲ ਨਿਭਾਇਆ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਗੀਤ ਰਾਹੀਂ ਲੋਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਹੋਰ ਜਾਗਰੂਕ ਹੋਣ ਅਤੇ ਸਾਵਧਾਨੀਆਂ ਨੂੰ ਵਰਤੋਂ ਵਿੱਚ ਲਿਆਉਣ।