ਐਸ ਏ ਐਸ ਨਗਰ, 29 ਮਈ (ਸ.ਬ.) ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ ਬਕਾਇਆ ਰਕਮ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਬਦਹਾਲੀ ਦਾ ਸ਼ਿਕਾਰ ਹੋ ਚੁੱਕੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਵੱਖ ਵੱਖ ਜੱਥੇਬੰਦੀਆਂ ਵਲੋਂ ਆਪੋ ਆਪਣੇ ਪੱਧਰ ਤੇ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੀ ਰਿਟਾਇਰੀ ਐਸੋਸੀਏਸ਼ਨ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਾਲ ਮਿਲ ਕੇ ਅੱਜ ਸਵੇਰੇ ਦਫ਼ਤਰ ਖੁੱਲ੍ਹਣ ਸਮੇਂ ਇਕ ਸਾਂਝੀ ਰੈਲੀ ਬੋਰਡ ਦਫਤਰ ਦੇ ਮੇਨ ਗੇਟ ਤੇ ਕੀਤੀ ਗਈ ਹੈ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਰਿਟਾਇਰੀ ਮੁਲਾਜ਼ਮ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਦਿਆਂ ਰਿਟਾੲਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ, ਮੌਜੂਦਾ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸ੍ਰੀ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਬੋਰਡ ਕੰਪਲੈਕਸ ਦੇ ਗੇਟ ਰੋਕ ਕੇ ਰੈਲੀ ਕੀਤੀ ਗਈ ਸੀ ਪਰੰਤੂ ਅਜੇ ਤੱਕ ਰਾਸ਼ੀ ਬੋਰਡ ਦਫਤਰ ਨੂੰ ਜਾਰੀ ਨਹੀਂ ਹੋ ਸਕੀ ਹੈ। ਜਿਸ ਦੇ ਰੋਸ ਵਜੋਂ ਅੱਜ ਫਿਰ ਗੇਟ ਰੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਠ ਪੁਸਤਕਾਂ ਅਤੇ ਫੀਸਾਂ ਦੀ ਲੱਗਭਗ 700 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਤੇ ਬੋਰਡ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵੱਲ ਲੱਗਭਗ 25 ਕਰੋੜ ਦੀ ਰਾਸ਼ੀ ਕਿਰਾਏ ਵਜੋਂ ਵੀ ਪੈਡਿੰਗ ਪਈ ਹੈ। ਇੰਨੀ ਵੱਡੀ ਮਾਤਰਾ ਵਿੱਚ ਰਾਸ਼ੀ ਬੋਰਡ ਦਫ਼ਤਰ ਨੂੰ ਜਾਰੀ ਨਾ ਕਰਨ ਕਾਰਨ ਬੋਰਡ ਦੀ ਵਿੱਤੀ ਹਾਲਤ ਐਨੀ ਪਤਲੀ ਹੋ ਗਈ ਹੈ ਕਿ ਬੋਰਡ ਦੇ ਰਿਟਾਇਰੀ ਸਾਥੀਆਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਹੋ ਸਕੀ ਹੈ।
ਉਹਨਾਂ ਕਿਹਾ ਕਿ ਬੋਰਡ ਦਫ਼ਤਰ ਹਰ ਸਾਲ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੀ ਸਮੇਂ ਸਿਰ ਛਪਵਾਈ ਕਰਵਾ ਕੇ ਖੇਤਰ ਵਿੱਚ ਭੇਜਦਾ ਹੈ। ਇਹ ਰਾਸ਼ੀ ਹਾਰ ਸਾਲ ਲੱਗਭਗ 100 ਕਰੋੜ ਦੀ ਬਣ ਜਾਂਦੀ ਹੈ। ਮੌਜੂਦਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਬੋਰਡ ਦਫ਼ਤਰ ਨੂੰ ਲੱਗਭਗ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ, ਜਿਸ ਨਾਲ ਬੋਰਡ ਦਫ਼ਤਰ ਨੂੰ ਕੁਝ ਵਿੱਤੀ ਰਾਹਤ ਮਿਲੀ ਸੀ। ਪਰੰਤੂ ਪਿਛਲੇ ਕਈ ਸਾਲਾਂ ਦੀ ਰਾਸ਼ੀ ਸਰਕਾਰ ਵੱਲ ਪੈਡਿੰਗ ਹੋਣ ਕਾਰਨ ਬੋਰਡ ਦਫ਼ਤਰ ਨੂੰ ਵਿੱਤੀ ਸੰਕਟ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬੋਰਡ ਦਫ਼ਤਰ ਵਿੱਚ ਚੱਲ ਰਹੇ ਵੱਖ-ਵੱਖ ਵਿਭਾਗਾਂ ਵੱਲ ਵੀ ਲੱਗਭਗ 25 ਕਰੋੜ ਦੀ ਰਾਸ਼ੀ ਕਿਰਾਏ ਵਜੋਂ ਪੈਡਿੰਗ ਪਈ ਹੈ। ਇਹ ਰਾਸ਼ੀ ਵੀ ਬੋਰਡ ਦਫ਼ਤਰ ਨੂੰ ਜਾਰੀ ਨਹੀਂ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਮੁਲਾਜ਼ਮਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਬੋਰਡ ਦੀ ਵਿੱਤੀ ਹਾਲਤ ਸੁਧਾਰਨ ਵਾਸਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 29 ਮਈ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਬੋਰਡ ਦੀ ਰਿਟਾਇਰਡ ਆਫੀਸਰ ਐਸੋਸੀਏਸ਼ਨ ਦੇ ਇੱਕ ਵਫਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਫਤਰ ਜਾ ਕੇ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਸ. ਨਵਰਾਜ ਸਿੰਘ ਬਰਾੜ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਸਕੂਲ ਸਿਖਿਆ ਬੋਰਡ ਦੀ ਹਲਤ ਵਿੱਚ ਸੁਧਾਰ ਲਈ ਬੋਰਡ ਦਾ ਬਕਾਇਆ ਜਾਰੀ ਕੀਤਾ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਲੱਗਭੱਗ 700 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਕੋਲ ਕਿਤਾਬਾਂ ਅਤੇ ਐਸ ਸੀ ਵਿਦਿਆਰਥੀਆਂ ਦੀਆਂ ਫੀਸਾਂ ਦਾ ਬਕਾਇਆ ਪਿਆ ਹੈ ਜਿਸਦੀ ਅਦਾਇਗੀ ਨਾ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਪਣੇ ਵਿੱਤੀ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਹਨ ਕਿ ਬੋਰਡ ਕੋਲ ਮੁਲਾਜਮਾਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਲਈ ਵੀ ਕੋਈ ਪੈਸਾ ਨਹੀਂ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਬੋਰਡ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤੀ ਹਾਲਾਤ ਠੀਕ ਹੋ ਸਕਣ ਅਤੇ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਦੇਕੇ ਹੋਰ ਲੋੜੀਂਦੇ ਖਰਚੇ ਪੂਰੇ ਕਰ ਸਕੇ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਰਿਟਾਇਅਰਡ ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ, ਕਰਮਚਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਸਕੱਤਰ ਸੁਖਚੈਨ ਸਿੰਘ ਸੈਣੀ, ਪ੍ਰਭਦੀਪ ਸਿੰਘ ਬੋਪਾਰਾਏ ਅਤੇ ਅਮਰਜੀਤ ਸਿੰਘ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਸz. ਬਰਾੜ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਦੇ ਆਉਣ ਤੇ ਸਬੰਧਤ ਵਿਭਾਗ ਨੂੰ ਤੁਰੰਤ ਆਦੇਸ਼ ਜਾਰੀ ਕਰ ਦਿੱਤੇ ਜਾਣਗੇ ਕਿ ਇਹ ਰਾਸ਼ੀ ਤਰੁੰਤ ਬੋਰਡ ਨੂੰ ਜਾਰੀ ਕੀਤੀ ਜਾਵੇ।
ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਸਹਿਜਪਾਲ ਸਿੰਘ ਦਾ ਜੱਦੀ ਪਿੰਡ ਰੰਧਾਵਾ ਵਿੱਚ ਅੰਤਿਮ ਸੰਸਕਾਰ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਸਹਿਜਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਸਮਾਣਾ, 29 ਮਈ (ਸ.ਬ.) ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ ਉਤੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਰੰਧਾਵਾ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਸਹਿਜਪਾਲ ਸਿੰਘ (27 ਸਾਲ) ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਸੇਜਲ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ।
ਸ਼ਹੀਦ ਸਹਿਜਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੀ ਦੇਹ ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਹ ਖ਼ੁਦ ਅਤੇ ਪੰਜਾਬ ਸਰਕਾਰ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਅਤੇ ਸਤਿਕਾਰ ਵਜੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪਟਿਆਲਾ ਮਿਲਟਰੀ ਸਟੇਸ਼ਨ ਦੇ ਕੈਪਟਨ ਸੰਜੀਵ ਨਾਗ ਤੇ 20 ਪੰਜਾਬ ਤੋਂ ਆਏ ਨਾਇਬ ਸੂਬੇਦਾਰ ਰਣਜੀਤ ਸਿੰਘ ਨੇ ਸ਼ਹੀਦ ਦੇ ਸਰੀਰ ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਮਾਪਿਆਂ ਨੂੰ ਸੌਂਪਕੇ ਸਲਿਊਟ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸੁਰਜੀਤ ਸਿੰਘ ਰੱਖੜਾ, ਗੁਰਦੇਵ ਸਿੰਘ ਟਿਵਾਣਾ ਤੇ ਸੁਰਜੀਤ ਸਿੰਘ ਫ਼ੌਜੀ, ਐਸ. ਡੀ. ਐਮ. ਸਮਾਣਾ ਚਰਨਜੀਤ ਸਿੰਘ, ਡੀ. ਐਸ. ਪੀ. ਸੁੱਖ ਅੰਮ੍ਰਿਤ ਰੰਧਾਵਾ, ਐਸ.ਐਚ.ਓ. ਅੰਕੁਰਦੀਪ ਸਿੰਘ, ਤਹਿਸੀਲਦਾਰ ਰਣਜੀਤ ਸਿੰਘ, 20 ਪੰਜਾਬ ਦੇ ਸਾਬਕਾ ਕੈਪਟਨ ਦਲੇਰ ਸਿੰਘ ਤੇ ਨਿਰਭੈ ਸਿੰਘ ਸਮੇਤ ਸੂਬੇਦਾਰ ਬਲਵਿੰਦਰ ਸਿੰਘ ਨੇ ਵੀ ਸ਼ਰਧਾਂਜਲੀ ਦਿੱਤੀ।
ਸ਼ਹੀਦ ਦੇ ਪਿਤਾ ਅਮਰਜੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਭਰਾ ਅੰਮ੍ਰਿਤਪਾਲ ਸਿੰਘ ਜੋਕਿ 17 ਪੰਜਾਬ ਰੈਜਿਮੈਂਟ ਵਿਖੇ ਸੇਵਾ ਨਿਭਾ ਰਿਹਾ ਹੈ, ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਉਤੇ ਮਾਣ ਹੈ।