ਨਵੀਂ ਦਿੱਲੀ, 11 ਜਨਵਰੀ- ਦਿੱਲੀ ਸਰਕਾਰ ਨੇ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਦੀ ਇਮਊਨਿਟੀ ਵਧਾਉਣ ਲਈ ਯੋਗ ਕਰਵਾਉਣ ਦਾ ਫ਼ੈਸਲਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਲਈ ਹਰ ਰੋਜ਼ 8 ਕਲਾਸਾਂ ਹੋਣਗੀਆਂ। ਸਵੇਰੇ 6 ਵਜੇ ਤੋਂ 11 ਵਜੇ ਤੱਕ ਤਿੰਨ ਘੰਟੇ ਯੋਗ ਕਰਵਾਇਆ ਜਾਵੇਗਾ। ਯੋਗ ਇੰਸਟ੍ਰਕਟਰ ਲੋਕਾਂ ਨੂੰ ਯੋਗ ਕਰਨਾ ਸਿਖਾਉਣਗੇ। ਇਸ ਵਿੱਚ 40 ਹਜ਼ਾਰ ਲੋਕ ਇਕੱਠੇ ਯੋਗ ਕਰ ਸਕਣਗੇ। ਯੋਗ ਕਲਾਸਾਂ 12 ਜਨਵਰੀ ਨੂੰ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਕਲਾਸ ਵਿੱਚ 15 ਮਰੀਜ਼ ਹੋਣਗੇ ਤਾਂ ਕਿ ਇੰਸਟ੍ਰਕਟਰ ਸਾਰਿਆਂ ਨੂੰ ਸਹੀ ਸਮਾਂ ਦੇ ਕੇ ਯੋਗ ਕਰਵਾ ਸਕਣ। ਹੋਮ ਆਈਸੋਲੇਸ਼ਨ ਵਿੱਚ ਜੋ ਲੋਕ ਹਨ, ਉਨ੍ਹਾਂ ਨੂੰ ਇੱਕ ਲਿੰਕ ਰਜਿਸਟਰੇਸ਼ਨ ਕਰਨ ਲਈ ਭੇਜਿਆ ਜਾਵੇਗਾ। ਲਿੰਕ ਤੇ ਕਲਿੱਕ ਕਰ ਕੇ ਉਹ ਦੱਸ ਸਕਦੇ ਹਨ ਕਿ ਕਿੰਨੇ ਵਜੇ ਯੋਗ ਕਰਨਾ ਚਾਹੋਗੇ? ਉਨ੍ਹਾਂ ਕਿਹਾ ਕਿ ਜੋ ਲੋਕ ਹੋਮ ਆਈਸੋਲੇਸ਼ਨ ਵਿੱਚ ਹਨ, ਉਨ੍ਹਾਂ ਲਈ ਅੱਜ ਇੱਕ ਅਦਭੁੱਤ ਪ੍ਰੋਗਰਾਮ ਲੈ ਕੇ ਆਏ ਹਾਂ। ਯੋਗ ਨਾਲ ਇਮਿਊਨਿਟੀ ਬਹੁਤ ਵਧਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਯੋਗ ਕੋਰੋਨਾ ਦੀ ਕਾਟ ਹੈ ਪਰ ਉਸ ਨਾਲ ਲੜਨ ਦੀ ਸਾਡੇ ਸਰੀਰ ਦੀ ਸਮਰੱਥਾ ਵਧ ਜਾਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਸਾਰਿਆਂ ਕੋਲ ਲਿੰਕ ਚਲੇ ਜਾਣਗੇ ਅਤੇ ਕੱਲ ਤੋਂ ਯੋਗਾ ਕਲਾਸਾਂ ਸ਼ੁਰੂ ਹੋ ਜਾਣਗੀਆਂ।