ਚੰਡੀਗੜ੍ਹ, 3 ਜੂਨ -ਚੰਡੀਗੜ੍ਹ ਵਿੱਚ ਸ਼ਾਂਤੀਪੂਰਨ ਢੰਗ ਨਾਲ ਲੋਕ ਸਭਾ ਚੋਣਾਂ ਸੰਪੰਨ ਹੋਣ ਤੋਂ ਬਾਅਦ ਇਹਨਾਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਸੀਟ ਤੇ ਕਿਸਮਤ ਅਜ਼ਮਾ ਰਹੇ 19 ਉਮੀਦਵਾਰਾਂ ਦਾ ਭਵਿੱਖ ਈ. ਵੀ. ਐਮ. ਵਿੱਚ ਬੰਦ ਹੋ ਚੁੱਕਿਆ ਹੈ ਅਤੇ ਹੁਣ ਇਹਨਾਂ ਵੋਟਿੰਗ ਮਸ਼ੀਨਾਂ ਵਿੰਚ ਬੰਦ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਕਿਸੇ ਇਕ ਦੇ ਸਿਰ ਤੇ ਸਾਂਸਦ ਦਾ ਤਾਜ ਸਜਣਾ ਹੈ।
ਵੋਟਾਂ ਪੈਣ ਤੋਂ ਬਾਅਦ ਸਾਰੀਆਂ ਵੋਪਟੱਗ ਮਸ਼ੀਨਾਂ ਨੂੰ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿੱਚ ਬਣਾਏ ਗਏ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ ਅਤੇ ਸਟਰਾਂਗ ਰੂਮ ਨੂੰ ਤਾਲਾ ਲਾ ਕੇ ਸੀਲ ਕਰ ਦਿੱਤਾ ਗਿਆ ਹੈ।
ਇਹਨਾਂ ਵੋਟਿੰਗ ਮਸ਼ੀਨਾਂ ਵਾਸਤੇ ਤਿੰਨ ਪਰਤੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਅਤੇ ਇੱਥੇ ਚੰਡੀਗੜ੍ਹ ਪੁਲੀਸ ਤੋਂ ਇਲਾਵਾ ਰਿਜ਼ਰਵ ਫੋਰਸ ਦੀ ਇਕ ਬਟਾਲੀਅਨ ਨੂੰ ਤੈਨਾਤ ਕੀਤਾ ਗਿਆ ਹੈ। ਇਸਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਕੀਤੀ ਜਾ ਸਕੇ। ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਹੀ ਨਹੀਂ, ਸਗੋਂ ਪੁਲੀਸ ਵਲੋਂ ਵੀ ਵਿਸ਼ੇਸ਼ ਤੌਰ ਤੇ ਤਿਆਰੀ ਕੀਤੀ ਗਈ ਹੈ।
4 ਜੂਨ ਨੂੰ ਸੁਰੱਖਿਆ ਲਈ 10 ਬਟਾਲੀਅਨ ਦੇ ਕਰੀਬ 900 ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਟਰਾਂਗ ਰੂਮ ਤੱਕ ਜਾਣ ਲਈ ਟ੍ਰੈਫਿਕ ਪੁਲੀਸ ਵਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਹੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਤੱਕ ਪਹੁੰਚ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਸਟਰਾਂਗ ਰੂਮ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ, ਸਿਰਫ ਉਨ੍ਹਾਂ ਲੋਕਾਂ ਨੂੰ ਹੀ ਉੱਥੇ ਜਾਣ ਦਿੱਤਾ ਜਾਵੇਗਾ।