ਕੋਟਕਪੂਰਾ, 11 ਜਨਵਰੀ , 2022 :-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਨਿਕਲੇ ਨਗਰ ਕੀਰਤਨ ਦੇ ਮੂਹਰੇ ਮੂਹਰੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਲਾਈਵ ਕੁਇਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਸਮੇਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪੋ੍ਰਗਰਾਮ ਵਿੱਚ ਪ੍ਰਵਾਸੀ ਭਾਰਤੀ ਮੱਖਣ ਬਰਾੜ ਮੱਲਕੇ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਆਖਿਆ ਕਿ ਅਜਿਹੇ ਪ੍ਰੋਗਰਾਮਾ ਦੀ ਜਰੂਰਤ ਹੈ। ਜ਼ਿਕਰਯੋਗ ਹੈ ਕਿ ਜੈਕਾਰਾ ਮੂਵਮੈਂਟ ਨੇ ਆਪਣੇ 16ਵੇਂ ਲਾਈਵ ਕੁਇਜ਼ ਪ੍ਰੋਗਰਾਮ ਦੋਰਾਨ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ 100-ਸੁਆਲ ਕੀਤੇ ਅਤੇ ਸਹੀ ਜਵਾਬ ਦੇਣ ਵਾਲੇ 100 ਮਰਦਾਂ, ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਨੂੰ ਮੌਕੇ ’ਤੇ ਹੀ ਪ੍ਰਸੰਸਾ ਪੱਤਰ ਅਤੇ ਮੈਡਲ ਸਮੇਤ ਵੱਖ ਵੱਖ ਕਿਸਮਾਂ ਦੇ ਤੋਹਫਿਆਂ ਨਾਲ ਸਨਮਾਨਿਤ ਕੀਤਾ। ਮੱਖਣ ਬਰਾੜ ਨੇ ਉਕਤ ਪੋ੍ਰਗਰਾਮ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ-ਨਾਲ ਸਿੱਖ ਇਤਿਹਾਸ ਸਬੰਧੀ ਸਿੱਖਾਂ ਤੋਂ ਇਲਾਵਾ ਗੈਰ ਸਿੱਖਾਂ ਦੇ ਬੱਚਿਆਂ ਨੂੰ ਵੀ ਬਹੁਤ ਜਾਣਕਾਰੀ ਹੈ। ਕਿਉਂਕਿ ਸਵਾਲਾਂ ਦਾ ਜਵਾਬ ਦੇਣ ਵਿੱਚ ਗੈਰ ਸਿੱਖਾਂ ਦੇ ਬੱਚੇ ਤੇ ਨੌਜਵਾਨ ਵੀ ਭਰਪੂਰ ਦਿਲਚਸਪੀ ਲੈਂਦੇ ਰਹੇ। ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨਾਂ ਦੀ ਜੀਵਨੀ ਨਾਲ ਸਬੰਧਤ ਸਵਾਲ-ਜਵਾਬ ਕੀਤੇ ਜਾਂਦੇ ਹਨ, ਜਦਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦਸਮੇਸ਼ ਪਿਤਾ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਬਾਰੇ ਸਵਾਲ-ਜਵਾਬ ਕਰਨ ਦਾ ਆਨੰਦ ਹੀ ਵੱਖਰਾ ਹੁੰਦਾ ਹੈ। ਉਨਾਂ ਦੱਸਿਆ ਕਿ ਜੇਤੂਆਂ ਤੋਂ ਇਲਾਵਾ ਸਹਿਯੋਗੀਆਂ ਅਤੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਸ਼ਖਸ਼ੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਜੈਕਾਰਾ ਮੂਵਮੈਂਟ ਦੀ ਸਮੁੱਚੀ ਟੀਮ ਨੇ ਮੱਖਣ ਬਰਾੜ ਮੱਲਕੇ ਦਾ ਵੀ ਸਨਮਾਨ ਕਰਦਿਆਂ ਉਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਉਹਨਾਂ ਦੱਸਿਆ ਕਿ ਭਲਕੇ 12 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11:30 ਵਜੇ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਦੇ ਵਿਰੋਧ ’ਚ ਰੰਗ ਹਰਜਿੰਦਰ ਦੀ ਟੀਮ ਵਲੋਂ ਇਕ ਨਾਟਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਪੇਸ਼ ਕੀਤਾ ਜਾਵੇਗਾ।