ਨਿਊਯਾਰਕ, 10 ਜਨਵਰੀ -ਨਿਊਯਾਰਕ ਸਿਟੀ ਦੇ ਬਰੌਂਕਸ ਵਿੱਚ ਇੱਕ ਅਪਾਰਟਮੈਂਟ ਵਿੱਚ ਕਥਿਤ ਤੌਰ ਤੇ ਨੁਕਸਦਾਰ ਇਲੈਕਟ੍ਰਿਕ ਸਪੇਸ ਹੀਟਰ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਨੌਂ ਬੱਚਿਆਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ। ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਦੱਸਿਆ ਕਿ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ਅੱਗ ਨਾਲ ਸੜ ਗਈ। ਮੇਅਰ ਐਰਿਕ ਐਡਮਜ਼, ਗਵਰਨਰ ਕੈਥੀ ਹੋਚੁਲ ਅਤੇ ਅਮਰੀਕੀ ਸੈਨੇਟਰ ਚਾਰਲਸ ਸ਼ੂਮਰ ਮੌਕੇ ਤੇ ਪਹੁੰਚੇ।
ਮੇਅਰ ਐਡਮਸ ਦੇ ਸੀਨੀਅਰ ਸਲਾਹਕਾਰ ਸਟੀਫਨ ਰਿੰਗਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਸੀ। ਕਮਿਸ਼ਨਰ ਨੇਗਰੋ ਨੇ ਦੱਸਿਆ ਕਿ 13 ਵਿਅਕਤੀ ਹਸਪਤਾਲ ਵਿੱਚ ਦਾਖਲ ਹਨ ਅਤੇ ਸਾਰਿਆਂ ਦੀ ਹਾਲਤ ਗੰਭੀਰ ਹੈ। ਜ਼ਿਆਦਾਤਰ ਪੀੜਤਾਂ ਦੇ ਸਰੀਰ ਅੰਦਰ ਸਾਹ ਲੈਂਦੇ ਹੋਏ ਧੂੰਆਂ ਦਾਖਲ ਹੋ ਗਿਆ। ਮੇਅਰ ਐਡਮਜ਼ ਨੇ ਇਸ ਘਟਨਾ ਨੂੰ ਭਿਆਨਕ ਘਟਨਾ ਦੱਸਿਆ ਅਤੇ ਕਿਹਾ ਕਿ ਇਹ ਆਧੁਨਿਕ ਸਮੇਂ ਵਿੱਚ ਸਭ ਤੋਂ ਭਿਆਨਕ ਅੱਗਾਂ ਵਿੱਚੋਂ ਇੱਕ ਹੋਣ ਜਾ ਰਹੀ ਹੈ। ਅੱਗ ਬੁਝਾਉਣ ਵਾਲਿਆਂ ਨੂੰ ਹਰ ਮੰਜ਼ਿਲ ਤੇ ਅਜਿਹੇ ਪੀੜਤ ਮਿਲੇ, ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ 181 ਸਟਰੀਟ ਤੇ ਕਰੀਬ 200 ਫਾਇਰ ਫਾਈਟਰਾਂ ਨੂੰ ਸਾਈਟ ਤੇ ਭੇਜਿਆ ਗਿਆ। ਅੱਗ 19 ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ, ਜੋ ਬਾਅਦ ਵਿੱਚ ਦੂਜੀ ਮੰਜ਼ਿਲ ਤੱਕ ਫੈਲ ਗਈ ਅਤੇ ਹੌਲੀ-ਹੌਲੀ ਪੂਰੀ ਇਮਾਰਤ ਵਿੱਚ ਧੂੰਆਂ ਭਰ ਗਿਆ। ਨੀਗਰੋ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਸ ਭਿਆਨਕ ਅੱਗ ਕਾਰਨ 63 ਵਿਅਕਤੀ ਜ਼ਖਮੀ ਵੀ ਹੋਏ ਹਨ ਅਤੇ 32 ਦੇ ਕਰੀਬ ਲੋਕਾਂ ਨੂੰ ਸੱਟਾਂ ਲੱਗੀਆਂ। ਇਸ ਸੰਬੰਧ ਵਿੱਚ ਮੇਅਰ ਐਰਿਕ ਐਡਮਜ਼ ਨੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਚਿੰਤਾ ਵੀ ਜਿਤਾਈ। ਐਫਡੀਐਨਵਾਈ ਕਮਿਸ਼ਨਰ ਡੈਨੀਅਲ ਨਿਗਰੋ ਨੇ ਬ੍ਰੌਂਕਸ ਵਿੱਚ ਇੱਕ ਬਲਦੀ ਇਮਾਰਤ ਵਿੱਚੋਂ ਲੋਕਾਂ ਨੂੰ ਬਚਾਉਣ ਦੇ ਯਤਨਾਂ ਦਾ ਵੇਰਵਾ ਵੀ ਦਿੱਤਾ।