ਚੰਡੀਗੜ – ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਪੱਤਰ ਜਾਰੀ ਕਰਕੇ ਸੂਬੇ ਦੀਆਂ ਮਿਊਂਸੀਪਲ ਕਾਰਪੋਰੇਸ਼ਨ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੋਧ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨਰ ਸ੍ਰੀ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਨੇੜ ਭਵਿੱਖ ਵਿੱਚ ਸੂਬੇ ਦੇ 9 ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਕਰਵਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ 1 ਜਨਵਰੀ, 2021 ਨੂੰ ਕੁਆਲੀਫਾਇੰਗ ਮਿਤੀ ਮੰਨਦੇ ਹੋਏ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ 9 ਦਸੰਬਰ 2020 ਤੱਕ ਤਿਆਰ ਕੀਤੀਆਂ ਜਾਣਗੀਆਂ ਅਤੇ 10 ਦਸੰਬਰ 2020 ਨੂੰ ਵੋਟਰ ਸੂਚੀਆਂ ਦਾ ਡਰਾਫਟ ਪਬਲੀਕੇਸ਼ਨ ਜਾਰੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ 16 ਦਸੰਬਰ 2020 ਤੱਕ ਪੇਸ਼ ਕੀਤੇ ਜਾ ਸਕਦੇ ਹਨ, ਜਿਨਾਂ ਦਾ ਨਿਬੇੜਾ 23 ਦਸੰਬਰ 2020 ਤੱਕ ਕਰ ਦਿੱਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਛਪਾਈ 5 ਜਨਵਰੀ 2021 ਨੂੰ ਕੀਤੀ ਜਾਵੇਗੀ।