ਬਟਾਲਾ, 10 ਜਨਵਰੀ – ਬਟਾਲਾ ਵਿਖੇ ਲੁਟੇਰਿਆਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਬਟਾਲਾ ਦੇ ਅਰਬਨ ਅਸਟੇਟ ਕਾਲੋਨੀ ਨੇੜੇ ਕਾਦੀਆ ਰੋਡ ਤੇ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਰਾਹ ਜਾਂਦੇ ਕਾਰ ਸਵਾਰ ਕੋਲੋ ਉਸ ਦੀ ਕਾਰ ਖੋਹ ਲਈ। ਕਾਰ ਖੋਹਣ ਸਮੇਂ ਲੁਟੇਰਿਆਂ ਨੇ ਹਵਾਈ ਫਾਇਰ ਵੀ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਕਾਰ ਸਵਾਰ ਗੌਰਵ ਪਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਹੁਸ਼ਿਆਰਪੁਰ ਵਿਖੇ ਟਰੈਕਟਰ ਏਜੇਂਸੀ ਵਿੱਚ ਸਵੇਰੇ ਕਰੀਬ ਛੇ ਵਜੇ ਆਪਣੀ ਕਾਰ ਸਵਿਫਟ ਡਿਜ਼ਾਇਰ ਸਫੈਦ ਕਲਰ ਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਸਨ। ਸੜਕ ਠੀਕ ਨਾ ਹੋਣ ਕਾਰਨ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਧੀਮੀ ਸੀ। ਇਸ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੀ ਕਾਰ ਅਗੇ ਆਪਣਾ ਮੋਟਰਸਾਈਕਲ ਖੜਾ ਕਰ ਦਿੱਤਾ ਅਤੇ ਨਾਲ ਹੀ ਇੱਕ ਦੂਸਰੀ ਕਾਰ ਵੀ ਨਜ਼ਦੀਕ ਆ ਕੇ ਖੜ ਗਈ।
ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਅਤੇ ਦੂਸਰੀ ਕਾਰ ਵਿੱਚੋਂ ਕੁਝ ਨੌਜਵਾਨ ਉਤਰੇ, ਜਿਨ੍ਹਾਂ ਨੇ ਹਵਾਈ ਫਾਇਰ ਕਰਦੇ ਹੋਏ ਉਨ੍ਹਾਂ ਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਉਕਤ ਲੁਟੇਰੇ ਕਾਰ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲੀਸ ਨੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਇਸ ਮਾਮਲ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਕਿਹ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।