ਨਵੀਂ ਦਿੱਲੀ, 10 ਜਨਵਰੀ -ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,79,723 ਨਵੇਂ ਮਾਮਲੇ ਆਉਣ ਨਾਲ ਕੁਲ ਪੀੜਤਾਂ ਦੀ ਗਿਣਤੀ 3,57,07,727 ਤੇ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਓਮੀਕ੍ਰੋਨ ਵੇਰੀਐਂਟ ਦੇ 4,033 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 7,23,619 ਹੋ ਗਈ ਹੈ, ਜੋ ਕਰੀਬ 204 ਦਿਨਾਂ ਵਿੱਚ ਸਭ ਤੋਂ ਵੱਧ ਹੈ, ਜਦੋਂ ਕਿ 146 ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,83,936 ਹੋ ਗਈ ਹੈ। ਅੰਕੜਿਆਂ ਅਨੁਸਾਰ, ਓਮੀਕ੍ਰੋਨ ਦੇ 4,033 ਮਰੀਜ਼ਾਂ ਵਿੱਚੋਂ 1,552 ਸਿਹਤਮੰਦ ਹੋ ਗਏ ਹਨ ਜਾਂ ਦੇਸ਼ ਛੱਡ ਕੇ ਚਲੇ ਗਏ ਹਨ।
ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵੱਧ ਕੇ 7,23,619 ਹੋ ਗਈ ਹੈ, ਜੋ ਸੰਕਰਮਣ ਦੇ ਕੁੱਲ ਮਮਲਿਆਂ ਦਾ 2.03 ਫੀਸਦੀ ਹੈ। ਜਦੋਂ ਕਿ ਕੋਰੋਨਾ ਨਾਲ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ ਘੱਟ ਕੇ 96.62 ਫੀਸਦੀ ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਵਿੱਚ 1,33,008 ਮਾਮਲਿਆਂ ਦਾ ਵਾਧਾ ਹੋਇਆ ਹੈ। ਸੰਕਰਮਣ ਦੀ ਰੋਜ਼ਾਨਾ ਦਰ 13.29 ਫੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਹਫ਼ਤਾਵਾਰ ਸੰਕਰਮਣ ਦਰ 7.92 ਫੀਸਦੀ ਦਰਜ ਕੀਤੀ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3,45,00,172 ਹੋ ਗਈ ਹੈ, ਜਦੋਂ ਕਿ ਮੌਤ ਦਰ 1.36 ਫੀਸਦੀ ਹੈ। ਹੁਣ ਤੱਕ ਦੇਸ਼ਵਿਆਪੀ ਕੋਰੋਨਾ ਰੋਕੂ ਮੁਹਿੰਮ ਦੇ ਅਧੀਨ 151.94 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।