ਸ਼੍ਰੀਨਗਰ, 14 ਸਤੰਬਰ – ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵਲੋਂ ਕੀਤੇ ਗਏ ਇਕ ਗ੍ਰਨੇਡ ਹਮਲੇ ਵਿੱਚ 4 ਨਾਗਰਿਕ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਦੁਪਹਿਰ ਪੁਲਵਾਮਾ ਚੌਕ ਤੇ ਸੁਰੱਖਿਆ ਫ਼ੋਰਸਾਂ ਦੇ ਇਕ ਵਾਹਨ ਵੱਲ ਗ੍ਰਨੇਡ ਸੁੱਟਿਆ ਪਰ ਗ੍ਰਨੇਡ ਸੜਕ ਕਿਨਾਰੇ ਫਟ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦੋਂ ਕਿ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਕਸ਼ਮੀਰ ਵਿੱਚ ਹਾਲ ਦੇ ਦਿਨਾਂ ਵਿੱਚ ਅੱਤਵਾਦੀਆਂ ਦੇ ਗ੍ਰਨੇਡ ਹਮਲੇ ਵੱਧ ਗਏ ਹਨ। ਪਿਛਲੇ ਹਫ਼ਤੇ ਸ਼ਹਿਰ ਦੇ ਚਨਾਪੋਰਾ ਇਲਾਕੇ ਵਿੱਚ ਇਕ ਗ੍ਰਨੇਡ ਹਮਲੇ ਵਿੱਚ 2 ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਸਨ। ਸੁਰੱਖਿਆ ਫ਼ੋਰਸਾਂ ਨੇ ਬੀਤੇ ਦਿਨ ਰਾਸ਼ਟਰੀ ਰਾਜਮਾਰਗ 44 ਦੇ ਅਧੀਨ ਰੁਝੇ ਮਾਰਗ ਤੇ ਅੱਤਵਾਦੀਆਂ ਵਲੋਂ ਲਗਾਏ ਗਏ 6 ਗ੍ਰਨੇਡ ਦਾ ਪਤਾ ਲਗਾਇਆ ਸੀ ਅਤੇ ਉਨ੍ਹਾਂ ਨੂੰ ਨਕਾਰਾ ਕੀਤਾ ਸੀ।