ਕੈਲੀਫੋਰਨੀਆਂ, 14 ਸਤੰਬਰ, 2021: ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੌਜਵਾਨ ਵਹੀਰਾਂ ਘੱਤਕੇ ਆ ਰਹੇ ਹਨ, ‘ਲੇਕਿਨ ਜਦੋਂ ਜਵਾਨ ਪੁੱਤ ਦੀ ਲਾਸ਼ ਡੱਬੇ ਵਿੱਚ ਬੰਦ ਹੋਕੇ ਵਾਪਸ ਜਾਂਦੀ ਹੈ ਤਾਂ ਓਦੋਂ ਦਿਲ ਹੀ ਪੁੱਛਿਆ ਜਾਣਦਾ ਹੈ। ਹਰ-ਰੋਜ਼ ਵਿਦੇਸ਼ਾਂ ਵਿੱਚੋਂ ਪੰਜਾਬੀ ਮੁੰਡਿਆ ਦੀਆਂ ਮੌਤਾਂ ਰੁੱਕਣ ਦੀ ਨੀਮ ਨਹੀਂ ਲੈ ਰਹੀਆਂ । ਕੁਝ ਦਿਨ ਪਹਿਲਾਂ ਪੰਜਾਬੀ ਉਬੇਰ ਡਰਾਈਵਰ ਦੀ ਅਣ-ਨਿਆਈਂ ਮੌਤ ਕਾਰਨ ਅਮਰੀਕਾ ਦਾ ਪੰਜਾਬੀ ਭਾਈਚਾਰਾ ਝੰਜੋੜਿਆ ਗਿਆ। ਪਤਾ ਲੱਗਾ ਕਿ ਬੀਤੇ ਦਿਨੀਂ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਦੇ ਇਲਾਕੇ ਰਿਚਮੰਡ ਹਿੱਲ ‘ਚ ਆਪਣੇ ਪਰਿਵਾਰ ਨਾਲ ਰਹਿੰਦੇ ਪੰਜਾਬੀ ਨੌਜਵਾਨ ਕੁਲਦੀਪ ਸਿੰਘ (ਉਮਰ 21 ਸਾਲ) ਦੀ ਮੰਗਲਵਾਰ ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਨੇ ਬੁੱਧਵਾਰ ਨੂੰ ਇਹ ਪੁਸ਼ਟੀ ਕੀਤੀ। ਨਿਊਯਾਰਕ ਸਿਟੀ ‘ਚ ਉਬੇਰ ਦਾ ਡਰਾਈਵਰ ਕੁਲਦੀਪ ਸਿੰਘ ਬੀਤੇ ਦਿਨੀਂ ਹਾਰਲੇਮ ਨਿਊਯਾਰਕ ਦੇ ਇਲਾਕੇ ‘ਚ 15 ਸਾਲਾ ਦੇ ਮੁੰਡੇ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ ਸੀ। ਇਹ ਗੋਲੀ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ, ਜਿਸ ਮਗਰੋਂ ਉਸ ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਉਸ ਦੀ ਮੌਤ ਹੋ ਗਈ। ਕੁਲਦੀਪ ਸਿੰਘ ਪੁੱਤਰ ਬੀਰਬਹਾਦਰ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੈਂਸਾਂ ਨਾਲ ਦੱਸਿਆ ਜਾਂਦਾ ਹੈ। ਪੁਲਿਸ ਨੇ ਬੀਤੇ ਬੁੱਧਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸਿਆ ਜਾਂਦਾ ਹੈ ਕਿ 21 ਸਾਲਾ ਕੁਲਦੀਪ ਸਿੰਘ ਜਿਸ ਨੇ ਤਕਰੀਬਨ 2 ਕੁ ਮਹੀਨੇ ਪਹਿਲਾਂ ਹੀ ਉਬੇਰ ਚਲਾਉਣੀ ਸ਼ੁਰੂ ਕੀਤੀ ਸੀ। ਉਹ ਸ਼ਨੀਵਾਰ ਦੀ ਰਾਤ ਨੂੰ ਆਪਣੇ ਵਾਹਨ (ਉਬੇਰ) ‘ਤੇ ਜਦੋਂ 131ਵੀਂ ਸਟ੍ਰੀਟ ਦੇ ਕੋਨੇ ਅਤੇ ਹਰਲੇਮ ਵਿਚ ਫਰੈਡਰਿਕ ਡਗਲਸ ਬੁਲੇਵਾਰਡ ‘ਤੇ ਰਾਤ 9:45 ਵਜੇ ਲੰਘਿਆ ਤਾਂ ਉਹ ਇਕ ਕ੍ਰਾਸਫਾਇਰ ਵਿਚ ਫਸ ਗਿਆ ਸੀ ਅਤੇ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਪੁਲਿਸ ਦਾ ਮੰਨਣਾ ਹੈ ਕਿ ਇਕ 15 ਸਾਲਾ ਦੀ ਉਮਰ ਦੇ ਮੁੰਡੇ ਨੇ ਕੁਲਦੀਪ ਸਿੰਘ ਨੂੰ ਗੋਲੀ ਮਾਰੀ ਸੀ। ਪੁਲਿਸ ਸੂਤਰਾਂ ਨੇ ਨਾਬਾਲਗ ਹੋਣ ਕਾਰਨ ਕਥਿਤ ਦੋਸ਼ੀ ਮੁੰਡੇ ਨਾਂਅ ਨਹੀਂ ਦੱਸਿਆ ਹੈ।ਜਾਣਕਾਰੀ ਮੁਤਾਬਿਕ ਇਹ ਇਹ ਨੌਜਵਾਨ ਦੋ ਕੁ ਸਾਲ ਪਹਿਲਾ ਅਮਰੀਕਾ ਆਇਆ ਸੀ ‘ਤੇ ਆਪਣੇ ਮਾਪਿਆ ਨਾਲ ਨਿਊਯਾਰਕ ਏਰੀਏ ਵਿੱਚ ਰਹਿ ਰਿਹਾ ਸੀ।