ਨਾਭਾ, 21 ਅਗਸਤ 2025 : ਇੰਪਰੂਵਮੈਂਟ ਟਰੱਸਟ ਨਾਭਾ ਦੇ ਨਵਨਿਯੁਕਤ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਅੱਜ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸੰਤ ਦਾਰਾ ਸਿੰਘ, ਆਪ ਦੇ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੇ ਮਨੋਨੀਤ ਚੇਅਰਮੈਨ ਤੇਜਿੰਦਰ ਮਹਿਤਾ ਤੇ ਹੋਰ ਸ਼ਖ਼ਸੀਅਤਾਂ ਦੀ ਮੌਜੂਦਗੀ ‘ਚ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਵਧਾਈ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਤੇ ਪ੍ਰਾਹੁਣਚਾਰੀ ਵਿਭਾਗਾਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਜੱਸੀ ਸੋਹੀਆਂ ਵਾਲਾ ਜਮੀਨ ਨਾਲ ਜੁੜੇ ਹੋਏ ਇੱਕ ਸੀਨੀਅਰ ਆਗੂ ਹਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਨੂੰ ਦੋ ਵਾਰ ਅਹਿਮ ਚੇਅਰਮੈਨ ਦੇ ਅਹੁਦੇ ਦੇ ਕੇ ਨਿਵਾਜਿਆ ਹੈ।
ਸ. ਸੌਂਦ ਨੇ ਕਿਹਾ ਕਿ ਇਮਾਨਦਾਰ ਆਗੂ ਜੱਸੀ ਸੋਹੀਆਂ ਵਾਲਾ ਨੇ ਪਾਰਟੀ ਹਾਈ ਕਮਾਂਡ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਵਿਸ਼ਵਾਸ਼ ਜਿੱਤਿਆ ਹੈ, ਜਿਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਸਮੇਤ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ, ਆਮ ਲੋਕਾਂ ਤੇ ਪੰਜਾਬ ਤੇ ਪਾਰਟੀ ਦੀ ਸੇਵਾ ਵਧ ਚੜ੍ਹਕੇ ਕਰਦੇ ਰਹਿਣਗੇ।
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਗਏ ਭਰੋਸੇ ਉਪਰ ਪੂਰੀ ਤਰ੍ਹਾਂ ਖਰ੍ਹਾ ਉਤਰਨਗੇ ਅਤੇ ਆਪਣੇ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤਿੰਨ ਸਾਲ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਥਾਪਿਆ ਅਤੇ ਹੁਣ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਅਤੇ ਸ਼ਹਿਰ ਦੀ ਬਿਹਤਰੀ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਕੀਤੇ ਜਾਣਗੇ।
















