ਬਰਨਾਲਾ: 30 ਅਗਸਤ, 2021- 32 ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 334 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਹਰਿਆਣਾ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਚਰਚਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੋਚੀ-ਸਮਝੀ ਸਾਜਿਸ਼ ਤਹਿਤ ਕੀਤੇ ਗਏ ਇਸ ਵਹਿਸ਼ੀ ਕਾਰੇ ਦਾ ਕਿਸਾਨਾਂ ਨੇ, ਜਾਬਤੇ ਵਿਚ ਰਹਿ ਕੇ ਢੁੱਕਵਾਂ ਜਵਾਬ ਦਿੱਤਾ। ਤੁਰੰਤ ਫੈਸਲਾ ਲੈ ਕੇ ਉਸੇ ਦਿਨ ਕਈ ਥਾਈਂ ਸੜਕਾਂ ਜਾਮ ਕੀਤੀਆਂ ਗਈਆਂ। ਅੱਗਲੇ ਦਿਨ 29 ਅਗਸਤ ਨੂੰ ਦੋ ਘੰਟਿਆਂ ਲਈ ਸੜਕਾਂ ਜਾਮ ਕਰਨ ਦੇ ਪ੍ਰੋਗਰਾਮ ਨੂੰ ਲਾਮਿਸਾਲ ਹੁੰਗਾਰਾ ਮਿਲਿਆ।ਆਗੂਆਂ ਨੇ ਕਿਹਾ ਕਿ ਡਰਨ ਦੀ ਬਜਾਏ, ਲਾਠੀਚਾਰਜ ਨੇ ਸਾਡੇ ਰੋਹ ਨੂੰ ਹੋਰ ਜਰਬਾਂ ਦਿੱਤੀਆਂ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਸਾਡੇ ਅਹਿਦ ਨੂੰ ਹੋਰ ਮਜ਼ਬੂਤ ਕੀਤਾ ਹੈ।
ਅੱਜ,ਲਾਠੀਚਾਰਜ ਕਾਰਨ ਸ਼ਹੀਦ ਹੋਏ ਹਰਿਆਣਾ ਦੇ ਕਿਸਾਨ ਸੁਸ਼ੀਲ ਕਾਜਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।ਬੁਲਾਰਿਆਂ ਨੇ ਕਿਹਾ ਕਿ ਇਹ ਕੁਰਬਾਨੀਆਂ ਅਜ਼ਾਈਂ ਨਹੀਂ ਜਾਣਗੀਆਂ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਬਲਵੰਤ ਸਿੰਘ ਠੀਕਰੀਵਾਲਾ,ਮੇਲਾ ਸਿੰਘ ਕੱਟੂ, ਬਲਵੀਰ ਕੌਰ ਕਰਮਗੜ੍ਹ, ਰਮਨਦੀਪ ਕੌਰ ਖੁੱਡੀ, ਗੁਰਜੰਟ ਸਿੰਘ ਹਮੀਦੀ, ਬਲਜੀਤ ਸਿੰਘ ਚੌਹਾਨਕੇ, ਹਰਮੰਡਲ ਸਿੰਘ ਜੋਧਪੁਰ, ਪ੍ਰੇਮਪਾਲ ਕੌਰ ਤੇ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ 5 ਸਤੰਬਰ ਨੂੰ ਮੁਜ਼ੱਫਰਨਗਰ ( ਯੂ.ਪੀ) ਵਿੱਚ ਹੋਣ ਵਾਲੀ ਕਿਸਾਨ ਮਹਾਂ-ਪੰਚਾਇਤ, ਕਿਸਾਨਾਂ ਦੀ ਸ਼ਮੂਲੀਅਤ ਪੱਖੋਂ ਇਤਿਹਾਸਕ ਹੋਵੇਗੀ। ਬੀਜੇਪੀ ਸਰਕਾਰ ਨੂੰ ਸਿਆਸੀ ਹਲੂਣਾ ਦੇਣ ਲਈ,ਇਸ ਨੂੰ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ‘ਚ ਹਰਾਉਣਾ ਜਰੂਰੀ ਹੈ। ਇਹ ਮਹਾਂ-ਪੰਚਾਇਤ ਬੀਜੇਪੀ ਦੀ ਇਸ ਹਾਰ ਦਾ ਮੁੱਢ ਬੰਨੇਗੀ। ਇਸ ਰੈਲੀ ਵਿੱਚ ਪੰਜਾਬੀ ਕਿਸਾਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।ਪਿੰਡਾਂ ਵਿੱਚ ਮੀਟਿੰਗਾਂ ਕਰਕੇ ਈਸ ਰੈਲੀ ਵਿੱਚ ਜਾਣ ਵਾਲੇ ਕਿਸਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਇਸ ਰੈਲੀ ਵਿੱਚ ਜਾਣ ਲਈ ਤਿਆਰੀਆਂ ਖਿੱਚਣ ਦੀ ਅਪੀਲ ਕੀਤੀ।
ਅੱਜ ਕਰਨੈਲ ਸਿੰਘ ਗੁੰਮਟੀ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾ ਸੁਣਾਈ।