ਫਰਿਜ਼ਨੋ, (ਕੈਲੀਫੋਰਨੀਆ) 24 ਅਗਸਤ – ਅਮਰੀਕਾ ਵਿੱਚ ਕੋਰੋਨਾ ਵਾਇਰਸ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੈਂਕੜੇ ਹੀ ਪੁਲੀਸ ਅਧਿਕਾਰੀਆਂ ਦੀ ਜਾਨ ਲਈ ਹੈ ਤੇ ਇਹ ਸਿਲਸਿਲਾ ਹੁਣ ਵੀ ਬਰਕਰਾਰ ਹੈ। ਇਸ ਦੇ ਤਾਜ਼ਾ ਮਾਮਲਿਆਂ ਵਿੱਚ ਕੋਰੋਨਾ ਵਾਇਰਸ ਨੇ ਇੱਕ ਹਫਤੇ ਦੇ ਦੌਰਾਨ ਹੀ ਫਲੋਰਿਡਾ ਦੇ ਪੰਜ ਪੁਲੀਸ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਆਫ ਮਿਆਮੀ ਦੇ ਪੁਲੀਸ ਮੁਖੀ ਆਰਟ ਅਸੀਵੇਡੋ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਦੱਖਣੀ ਫਲੋਰਿਡਾ ਦੇ ਘੱਟੋ-ਘੱਟ ਪੰਜ ਅਧਿਕਾਰੀਆਂ ਦੀ ਮੌਤ ਕੋਵਿਡ ਨਾਲ ਹੋਈ ਹੈ। ਪੁਲੀਸ ਮੁਖੀ ਨੇ ਇਸ ਮੌਕੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪੁਲੀਸ ਵਿਭਾਗ ਦੇ ਅਨੁਸਾਰ ਅਮਰੀਕਾ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਬਿਹਤਰੀਨ ਅਫਸਰਾਂ ਨੇ ਆਪਣੀ ਜਾਨ ਗਵਾਈ ਹੈ। ਇਸਦੇ ਇਲਾਵਾ ਅੰਕੜਿਆਂ ਅਨੁਸਾਰ ਬੀਤੇ ਦਿਨ ਤਕ ਰਾਜ ਭਰ ਵਿੱਚ 17,000 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ ਵਿੱਚ ਦਾਖਲ ਸਨ। ਸੂਬੇ ਵਿੱਚ ਵਾਇਰਸ ਦੀ ਵਧ ਰਹੀ ਲਾਗ ਨੂੰ ਰੋਕਣ ਲਈ ਪ੍ਰਸ਼ਾਸਨ ਵੱਲ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ।