ਨਵੀਂ ਦਿੱਲੀ, 24 ਅਗਸਤ -ਦਿੱਲੀ ਨਾਲ ਲਗਦੇ ਗੁਰੂਗ੍ਰਾਮ ਵਿੱਚ ਇਕ ਮਕਾਨ ਮਾਲਕ ਦੀ ਦਰਿੰਦਗੀ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣਾ ਇਲਾਕੇ ਵਿੱਚ ਇਕ ਮਕਾਨ ਮਾਲਕ ਨੇ ਆਪਣੀ ਨੂੰਹ ਸਮੇਤ ਪੰਜ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਾਨ ਗਵਾਉਣ ਵਾਲਿਆਂ ਵਿੱਚ ਜ਼ਿਆਦਾਤਰ ਕਿਰਾਏਦਾਰ ਹਨ। ਹੱਤਿਆਰੇ ਮਕਾਨ ਮਾਲਕ ਨੂੰ ਆਪਣੀ ਨੂੰਹ ਤੇ ਕਿਰਾਏਦਾਰ ਵਿਚਾਕਰ ਅਨੈਤਿਕ ਸੰਬੰਧ ਹੋਣ ਦਾ ਸ਼ੱਕ ਸੀ। ਇਸ ਤੇ ਮਕਾਨ ਮਾਲਕ ਨੇ ਆਪਣੀ ਹੀ ਨੂੰਹ ਸਮੇਤ ਪੰਜ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਨੇੜਲੇ ਥਾਣੇ ਜਾ ਕੇ ਆਤਮ-ਸਮਰਪਣ ਵੀ ਕਰ ਦਿੱਤਾ। ਮਰਨ ਵਾਲਿਆਂ ਵਿੱਚ ਦੋ ਔਰਤਾਂ, ਦੋ ਬੱਚੇ ਤੇ ਇਕ ਪੁਰਸ਼ ਸ਼ਾਮਲ ਹਨ। ਓਧਰ, ਘਟਨਾ ਬਾਰੇ ਗੁਰੂਗ੍ਰਾਮ ਦੇ ਪੁਲੀਸ ਕਮਿਸ਼ਨਰ ਦੀਪਕ ਸਹਾਰਨ ਨੇ ਦੱਸਿਆ ਕਿ ਮਾਮਲੇ ਦੀ ਖੋਜਬੀਣ ਕੀਤੀ ਜਾ ਰਹੀ ਹੈ। ਮੁਲਜ਼ਮ ਮਕਾਨ ਮਾਲਕ ਨੇ ਹੱਤਿਆ ਨੂੰ ਕਿਉਂ ਅੰਜਾਮ ਦਿੱਤਾ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਮਕਾਨ ਮਾਲਕ ਰਾਓ ਰਾਏ ਸਿੰਘ ਦੀ ਪਤਨੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੱਤਿਆ ਦੀ ਇਹ ਸਨਸਨੀਖੇਜ਼ ਵਾਰਦਾਤ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣੇ ਦੀ ਹੈ। ਸਵੇਰੇ ਰਾਜੇਂਦਰ ਪਾਰਕ ਇਲਾਕੇ ਵਿੱਚ ਉਸ ਵੇਲੇ ਅਫਰਾਤਫਰੀ ਮਚ ਗਈ ਜਦੋਂ ਇਕ ਵਿਅਕਤੀ ਨੇ ਥਾਣੇ ਪਹੁੰਚ ਕੇ ਪੰਜ ਲੋਕਾਂ ਦੀ ਹੱਤਿਆ ਦੀ ਗੱਲ ਕਬੂਲੀ ਤੇ ਆਤਮ-ਸਮਰਪਣ ਕਰ ਦਿੱਤਾ। ਮੁਲਜ਼ਮ ਦਾ ਨਾਂ ਰਾਓ ਰਾਏ ਸਿੰਘ (ਸਾਬਕਾ ਫ਼ੌਜੀ) ਹੈ। ਮੁਲਜ਼ਮ ਦੀ ਇਲਾਕੇ ਵਿੱਚ ਸਮਾਜਿਕ ਵਰਕਰ ਦੇ ਰੂਪ ਵਿੱਚ ਪਛਾਣ ਹੈ। ਉੱਥੇ ਹੀ ਪੁਲੀਸ ਜਾਂਚ ਵਿਚ ਹੁਣ ਤਕ ਪਤਾ ਚੱਲਿਆ ਹੈ ਕਿ ਇਕ ਨਿੱਜੀ ਬੈਂਕ ਵਿੱਚ ਕੰਮ ਕਰਨ ਵਾਲੇ ਕ੍ਰਿਸ਼ਨਾ ਤਿਵਾੜੀ ਸਮੇਤ 5 ਲੋਕਾਂ ਦੀ ਹੱਤਿਆ ਹੋਈ ਹੈ।