ਨਵੀਂ ਦਿੱਲੀ, 24 ਅਗਸਤ – ਸੁਪਰੀਮ ਕੋਰਟ ਨੇ ਗੁਜਰਾਤ ਵਿੱਚ 5 ਹਜ਼ਾਰ ਝੁੱਗੀਆਂ ਨੂੰ ਹਟਾਉਣ ਤੇ ਰੋਕ ਲਾਉਣ ਦਾ ਅੰਤਰਿਮ ਆਦੇਸ਼ ਜਾਰੀ ਕੀਤਾ। ਚੀਫ਼ ਜਸਟਿਸ ਐੱਨ.ਵੀ. ਰਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟੀਸ਼ਨਕਰਤਾਵਾਂ ਵਲੋਂ ਪੇਸ਼ ਸੀਨੀਅਰ ਐਡਵੋਕੇਟ ਕੋਲਿਨ ਗੋਂਜਾਲਵਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਝੁੱਗੀਆਂ ਨੂੰ ਹਟਾਏ ਜਾਣ ਤੇ ਰੋਕ ਲਗਾਈ। ਬੈਂਚ ਨੇ ਨਾਲ ਹੀ ਗੁਜਰਾਤ ਸਰਕਾਰ ਨੂੰ ਕੱਲ (ਬੁੱਧਵਾਰ) ਤੱਕ ਮੌਜੂਦਾ ਸਥਿਤੀ ਬਣਾਏ ਰੱਖਣ ਦਾ ਨਿਰਦੇਸ਼ ਦਿੱਤਾ।
ਹੁਣ ਸੁਪਰੀਮ ਕੋਰਟ ਬੁੱਧਵਾਰ ਨੂੰ ਇਸ ਤੇ ਸੁਣਵਾਈ ਕਰੇਗੀ। ਬੈਂਚ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਰੇਲ ਮੰਤਰਾਲਾ ਨੂੰ ਵੀ ਨੋਟਿਸ ਜਾਰੀ ਕੀਤੇ ਹਨ ਅਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਸੁਣਵਾਈ ਦੌਰਾਨ ਸ਼੍ਰੀ ਗੋਂਜਾਲਵਿਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਗੁਜਰਾਤ ਹਾਈ ਕੋਰਟ ਨੇ 2016 ਵਿੱਚ ਝੁੱਗੀਆਂ ਨੂੰ ਹਟਾਉਣ ਤੇ ਰੋਕ ਲਗਾਈ ਸੀ ਪਰ ਹੁਣ ਉਸ ਨੇ ਇਹ ਰੋਕ ਹਟਾ ਲਈ ਹੈ, ਜਿਸ ਤੋਂ ਬਾਅਦ ਸਰਕਾਰ ਨੇ ਝੁੱਗੀਆਂ ਨੂੰ ਹਟਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਟੀਸ਼ਨਕਰਤਾਵਾਂ ਵਲੋਂ ਸੂਚਿਤ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਅੱਜ ਰਾਤ ਤੱਕ ਇਨ੍ਹਾਂ ਝੁੱਗੀਆਂ ਨੂੰ ਹਟਾ ਦੇਵੇਗੀ, ਜਿਸ ਤੇ ਸੁਪਰੀਮ ਕੋਰਟ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।