ਨਵੀਂ ਦਿੱਲੀ, ਅਗਸਤ – ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਇੱਥੇ ਇਕ ਹੋਟਲ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ ਮੁਕਤ ਕਰ ਦਿੱਤਾ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਆਨਲਾਈਨ ਸੁਣਵਾਈ ਕਰਦੇ ਹੋਏ ਹੁਕਮ ਜਾਰੀ ਕੀਤਾ। ਥਰੂਰ ਨੇ ਇਸ ਮੌਕੇ ਕਿਹਾ ਕਿ ਬੀਤੇ ਸਾਢੇ 7 ਸਾਲ ‘ਤਸੀਹਿਆਂ’ ਵਿੱਚ ਬੀਤੇ ਅਤੇ ਇਹ ਫ਼ੈਸਲਾ ‘ਵੱਡੀ ਰਾਹਤ’ ਲੈ ਕੇ ਆਇਆ ਹੈ। ਪੁਲੀਸ ਨੇ ਅਦਾਲਤ ਤੋਂ ਆਈ.ਪੀ.ਸੀ. ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਸਮੇਤ ਵੱਖ-ਵੱਖ ਦੋਸ਼ਾਂ ਵਿੱਚ ਦੋਸ਼ ਤੈਅਕਰਨ ਦੀ ਅਪੀਲ ਕੀਤੀ, ਜਦੋਂ ਕਿ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਪਹਿਵਾ ਨੇ ਅਦਾਲਤ ਨੂੰ ਕਿਹਾ ਕਿ ਐਸ.ਆਈ.ਟੀ. ਵਲੋਂ ਕੀਤੀ ਗਈ ਜਾਂਚ ਰਾਜਨੀਤਿਕ ਨੇਤਾ ਨੂੰ ਉਨ੍ਹਾਂ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ਤੋਂ ਮੁਕਤ ਕਰਦੀ ਹੈ।
ਪੁਸ਼ਕਰ 17 ਜਨਵਰੀ 2014 ਦੀ ਰਾਤ ਸ਼ਹਿਰ ਦੇ ਇਕ ਲਗਜ਼ਰੀ ਹੋਟਲ ਦੇ ਇਕ ਕਮਰੇ ਵਿੱਚ ਮ੍ਰਿਤਕ ਮਿਲੀ ਸੀ। ਜੋੜਾ ਹੋਟਲ ਵਿੱਚ ਰੁਕਿਆ ਹੋਇਆ ਸੀ, ਕਿਉਂਕਿ ਉਸ ਸਮੇਂ ਥਰੂਰ ਦੇ ਅਧਿਕਾਰਤ ਬੰਗਲੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਥਰੂਰ ਤੇ ਦਿੱਲੀ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 498ਏ (ਮਹਿਲਾ ਦੇ ਪਤੀ ਜਾਂ ਪਤੀ ਦੇ ਰਿਸ਼ਤੇਦਾਰ ਵਲੋਂ ਉਸ ਤੇ ਬੇਰਹਿਮੀ ਕਰਨਾ) ਅਤੇ ਧਾਰਾ 306 ਦੇ ਅਧੀਨ ਦੋਸ਼ ਲਗਾਇਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ 5 ਜੁਲਾਈ 2018 ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।