ਨਵੀਂ ਦਿੱਲੀ, 18 ਅਗਸਤ – ਬੰਬੇ ਹਾਈ ਕੋਰਟ ਨੇ ਅੱਜ ਮੁੰਬਈ ਸਾਈਬਰ ਪੁਲੀਸ ਵੱਲੋਂ ਇਕ ਮਾਮਲੇ ਵਿੱਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜਨੈਸਮੈਨ ਰਾਜ ਕੁੰਦਰਾ ਨੂੰ ਵੱਡੀ ਰਾਹਤ ਦਿੱਤੀ ਹੈ। ਸਾਈਬਰ ਪੁਲੀਸ ਵੱਲੋਂ ਦਰਜ ਮਾਮਲੇ ਵਿੱਚ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਲਈ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਰਾਜ ਕੁੰਦਰਾ ਖ਼ਿਲਾਫ਼ ਮੁੰਬਈ ਸਾਈਬਰ ਪੁਲੀਸ ਨੇ ਇਹ ਮਾਮਲਾ ਪਿਛਲੇ ਸਾਲ ਦਰਜ ਕੀਤਾ ਸੀ।
ਸਾਲ 2020 ਵਿੱਚ ਇਕ ਸ਼ਿਕਾਇਤ ਦੇ ਆਧਾਰ ਤੇ ਰਾਜ ਕੁੰਦਰਾ ਤੇ ਦੋਸ਼ ਲਾਇਆ ਗਿਆ ਸੀ ਕਿ ਕੁਝ ਆਨਲਾਈਨ ਪਲੇਟਫਾਰਮ ਤੇ ਉਨ੍ਹਾਂ ਦੀ ਵੈਬ ਸੀਰੀਜ਼ ਤੋਂ ਇਲਾਵਾ ਅਸ਼ਲੀਲ ਵੀਡੀਓ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਮੁੰਬਈ ਪੁਲੀਸ ਨੇ ਸ਼ਿਲਪਾ ਸ਼ੈਟੀ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬੰਬੇ ਹਾਈਕੋਰਟ ਨੇ ਰਾਜ ਕੁੰਦਰਾ ਨੂੰ ਅੰਤਰਿਮ ਰਾਹਤ ਦਿੱਤੀ ਤੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਤੇ ਪਟੀਸ਼ਨ ਅਗਲੇ ਬੁੱਧਵਾਰ 25 ਅਗਸਤ ਨੂੰ ਰੱਖੀ ਹੈ।
ਸਿੰਗਲ ਜੱਜ ਬੈਂਚ ਰਾਜ ਕੁੰਦਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ, ਜੋ 2020 ਵਿੱਚ ਇਕ ਐਫ. ਆਈ. ਆਰ. ਤੋਂ ਬਾਅਦ ਦਾਇਰ ਕੀਤੀ ਗਈ ਸੀ।
ਜਿਕਰਯੋਗ ਹੈ ਕਿ ਰਾਜ ਕੁੰਦਰਾ ਇਸ ਸਮੇਂ ਅਸ਼ਲੀਲ ਫ਼ਿਲਮ ਬਣਾਉਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਬੀਤੇ ਮੰਗਲਵਾਰ ਨੂੰ ਕੁੰਦਰਾ ਦੀ ਨਿਆਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੀ ਸੇਸ਼ੰਸ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜ਼ਮਾਨਤ ਤੇ ਸੁਣਵਾਈ 20 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ।