ਸਰੀ, 9 ਜੂਨ 2020 -ਟੋਰਾਂਟੋ ਪੁਲਿਸ ਦੇ ਚੀਫ ਮਾਰਕ ਸਾਂਡਰਸ ਨੇ ਅੱਜ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ 31 ਜੁਲਾਈ ਨੂੰ ਆਪਣੇ ਅਹੁਦੇ ਤੋਂ ਮੁਕਤ ਹੋ ਜਾਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਕਾਂਟਰੈਕਟ ਮਾਰਚ 2021 ਵਿੱਚ ਖਤਮ ਹੋਣਾ ਸੀ ਅਤੇ ਉਨ੍ਹਾਂ ਵੱਲੋਂ 8 ਮਹੀਨੇ ਪਹਿਲਾਂ ਹੀ ਇਹ ਅਹੁਦਾ ਤਿਆਗ ਦੇਣ ਦਾ ਐਲਾਨ ਇੱਕ ਨਿਊਜ਼ ਕਾਨਫਰੰਸ ਦੌਰਾਨ ਕੀਤਾ ਗਿਆ।
ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਬਾਰੇ ਉਨ੍ਹਾਂ ਕੁਝ ਨਹੀਂ ਦੱਸਿਆ, ਬੱਸ ਏਨਾ ਕਿਹਾ ਕਿ ਉਹ ਵਲੰਟੀਅਰ ਤੌਰ ਤੇ ਟੋਰਾਂਟੋ ਲਈ ਕੁਝ ਕੰਮ ਕਰਨਾ ਚਾਹੁੰਦੇ ਹਨ ਅਤੇ ਆਪਣੇ ਪਰਿਵਾਰ ਤੇ ਪਤਨੀ ਨੂੰ ਪੂਰਾ ਸਮਾਂ ਦੇਣਾ ਚਾਹੁੰਦੇ ਹਨ।
ਉਹ ਟੋਰਾਂਟੋ ਦੇ ਪਹਿਲੇ ਬਲੈਕ ਪੁਲਿਸ ਚੀਫ ਹਨ ਜੋ ਅਪਰੈਲ 2015 ਤੋਂ ਇਸ ਅਹੁਦੇ ਤੇ ਤਾਇਨਾਤ ਹਨ। ਪੁਲਿਸ ਵਿਭਾਗ ਵਿਚ 37 ਸਾਲ ਨੌਕਰੀ ਕੀਤੀ। ਪ੍ਰੈਸ ਕਾਨਫਰੰਸ ਵਿਚ ਸਾਂਡਰਸ ਨੇ ਟੋਰਾਂਟੋ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਆਪਣਾ ਫਰਜ਼ ਪੂਰੀ ਦਿਆਨਤਦਾਰੀ ਨਾਲ ਨਿਭਾਇਆ ਹੈ।