ਸਰੀ, 8 ਜੂਨ 2020- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸੀਟੀਵੀ ਨਿਊਜ਼ ਨੂੰ ਦਿੱਤੀ ਇਕ ਸੰਖੇਪ ਇੰਟਰਵਿਊ ਵਿਚ ਕੈਨੇਡਾ ਵਿਚ ਖ਼ੁਦ ਹੰਢੇ ਨਸਲਵਾਦ ਬਾਰੇ ਦੱਸਦਿਆਂ ਕਿਹਾ ਹੈ ਕਿ ਫੌਜ ਵਿੱਚ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਨਸਲਵਾਦ ਕਿੰਨਾ ਖਤਰਨਾਕ ਹੋ ਸਕਦਾ ਹੈ? ਉਨ੍ਹਾਂ ਦੱਸਿਆ ਕਿ ਫੌਜ ਵਿਚ ਇਕ ਅਫਸਰ ਨੇ ਜਦੋਂ ਉਨ੍ਹਾਂ ਨੂੰ ਕਿਹਾ “ਮੈਂ ਤੈਨੂੰ ਆਪਣੀ ਫੌਜ ਵਿਚ ਸ਼ਾਮਲ ਹੋਣ ਦਿੱਤਾ ਹੈ।” ਉਸ ਨੇ ਜਿਸ ਧੌਂਸ ਅਤੇ ਲਹਿਜ਼ੇ ਨਾਲ ਕਿਹਾ ਉਸ ਕਾਰਨ ਬਹੁਤ ਪ੍ਰੇਸ਼ਾਨ ਹੋਇਆ। ਮੈਂ ਉਸ ਦਿਨ ਤੋਂ ਧਾਰ ਲਿਆ ਕਿ ਮੈਂ ਇਸ ਦੇ ਰਵੱਈਏ ਨੂੰ ਗਲਤ ਸਿੱਧ ਕਰਕੇ ਦਿਖਾਵਾਂਗਾ।
ਇਸੇ ਵਿਸ਼ਵਾਸ ਅਤੇ ਯਕੀਨ ਸਦਕਾ ਹੀ ਆਪਣੀ ਮਾਣ ਮਰਿਆਦਾ ਅਤੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਹਰਜੀਤ ਸਿੰਘ ਸੱਜਣ ਕੈਨੇਡੀਅਨ ਫੌਜ ਪਹਿਲੇ ਸਿੱਖ ਅਫਸਰ ਬਣੇ ਜਿਨ੍ਹਾਂ ਰਿਜ਼ਰਵ ਰੈਜੀਮੈਂਟ ਦੀ ਵਾਗਡੋਰ ਸੰਭਾਲੀ। ਉਨ੍ਹਾਂ ਬਚਪਨ ਤੋਂ ਹੀ ਕਈ ਵਾਰੀ ਨਸਲੀ ਵਿਤਕਰੇ ਦੀਆਂ ਘਟਨਾਵਾਂ ਦਾ ਸਾਹਮਣਾ ਕਰਨ ਦੀ ਗੱਲ ਕਹੀ। ਬਚਪਨ ਦੀ ਇਕ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਂ ਨਾਲ ਫਾਰਮ ਉੱਤੇ ਬੇਰੀ ਤੋੜਦੇ ਰਹੇ ਸਨ। ਉਨ੍ਹਾਂ ਦੇ ਨਾਲ ਇੱਕ 20 ਕੁ ਸਾਲਾਂ ਦਾ ਬੰਦਾ ਵੀ ਕੰਮ ਕਰਦਾ ਸੀ। ਇੱਕ ਦਿਨ ਉਹ ਫਾਰਮ ਉੱਤੇ ਨਹੀਂ ਆਇਆ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਉਹ ਇੱਕ ਪਾਰਕ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਉਪਰ ਹਮਲਾ ਹੋਇਆ ਤੇ ਉਹ ਮਾਰਿਆ ਗਿਆ। ਇਹ ਹਮਲੇ ਦਾ ਕਾਰਨ ਵੀ ਨਸਲੀ ਸੀ। ਇਸ ਘਟਨਾ ਨੇ ਵੀ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਕੀਤਾ।
ਹੁਣ ਉਹ ਦੇਸ਼ ਦੇ ਰੱਖਿਆ ਮੰਤਰੀ ਹਨ। ਉਨ੍ਹਾਂ ਨੂੰ ਪਹਿਲਾਂ ਵਾਂਗ ਆਪਣੇ ਉੱਤੇ ਨਸਲੀ ਹਮਲੇ ਹੋਣ ਦਾ ਡਰ ਤਾਂ ਨਹੀਂ ਲੱਗਦਾ। ਪਰ ਫੇਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਜੀਵਨ ਵਿੱਚੋਂ ਨਸਲਵਾਦ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਕੂਲ ਵਿਚ ਇਕ ਲੜਕੇ ਉਸ ਦੇ ਬੇਟੇ ਦੇ ਪਟਕੇ ਬਾਰੇ ਟਿੱਪਣੀ ਕੀਤੀ ਤਾਂ ਬੇਟੇ ਨੂੰ ਬਹੁਤ ਗੁੱਸਾ ਆਇਆ। ਉਸ ਨੇ ਘਰ ਆ ਕੇ ਦੱਸਿਆ ਤਾਂ ਉਨ੍ਹਾਂ ਉਸ ਲੜਕੇ ਨੂੰ ਸਬਕ ਸਿਖਾਉਣ ਦੀ ਬਜਾਏ ਸਿੱਖਿਆ ਦੇਣ ਲਈ ਸੋਚਿਆ। ਉਹ ਆਪਣੇ ਬੇਟੇ ਦੀ ਕਲਾਸ ਵਿੱਚ ਗਏ। ਉਨ੍ਹਾਂ ਆਪਣੀ ਪੱਗ ਲਾਹ ਕੇ ਬੱਚਿਆਂ ਨੂੰ ਆਪਣੇ ਕੇਸ ਵਿਖਾਏ ਅਤੇ ਦੱਸਿਆ ਕਿ ਅਸੀਂ ਪੱਗ ਕਿਉਂ ਬੰਨ੍ਹਦੇ ਹਾਂ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ? ਫਿਰ ਬੱਚਿਆਂ ਦੇ ਸਾਹਮਣੇ ਹੀ ਉਨ੍ਹਾਂ ਆਪਣੀ ਪੱਗ ਦੁਬਾਰਾ ਬੰਨ੍ਹੀ।