ਭਰੂਚ – ਗੁਜਰਾਤ ਦੇ ਭਰੂਚ ਸਥਿਤ ਇਕ ਹਸਪਤਾਲ ਵਿੱਚ ਲੱਗੀ ਅੱਗ ਵਿੱਚ ਜਾਨ ਗੁਆਉਣ ਵਾਲੇ ਕੋਰੋਨਾ ਮਰੀਜ਼ਾਂ ਦੇ ਰਿਸ਼ਤੇਦਾਰ ਇਮਾਰਤ ਦੇ ਬਾਹਰ ਰੋਂਦੇ-ਬਿਲਖਦੇ ਨਜ਼ਰ ਆਏ, ਜੋ ਹਾਦਸੇ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਵੈਲਫੇਅਰ ਹਸਪਤਾਲ ਦੇ ਬਾਹਰ ਭੱਜ-ਦੌੜ ਦਿੱਸੀ, ਜਿੱਥੇ ਅਧਿਕਾਰੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਹਸਪਤਾਲ ਦੇ ਅੰਦਰ, ਦ੍ਰਿਸ਼ ਹੋਰ ਵੱਧ ਭਿਆਨਕ ਸਨ, ਜਿੱਥੇ ਹਾਦਸੇ ਦੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਵਿੱਚ ਕੁਝ ਮਰੀਜ਼ਾਂ ਦੀਆਂ ਲਾਸ਼ਾਂ ਸਟਰੈਚਰ ਅਤੇ ਬਿਸਤਰਿਆਂ ਤੇ ਸੜੀਆਂ ਹੋਈਆਂ ਨਜ਼ਰ ਆਈਆਂ।ਸੂਬੇ ਦੀ ਰਾਜਧਾਨੀ ਅਹਿਮਦਾਬਾਦ ਤੋਂ ਕਰੀਬ 190 ਕਿਲੋਮੀਟਰ ਦੂਰ ਸਥਿਤ ਹਸਪਤਾਲ ਵਿੱਚ ਅੱਗ ਲੱਗਣ ਤੋਂ ਬਾਅਦ ਕੋਰੋਨਾ ਦੇ ਘੱਟੋ-ਘੱਟ 18 ਮਰੀਜ਼ਾਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਆਈ.ਸੀ.ਯੂ. ਵਾਰਡ ਸੜ ਕੇ ਸੁਆਹ ਹੋ ਗਿਆ। ਵੈਂਟੀਲੇਟਰ ਅਤੇ ਦਵਾਈਆਂ ਰੱਖਣ ਲਈ ਫਰਿੱਜ ਦੇ ਨਾਲ ਹੀ ਬਿਸਤਰਿਆਂ ਸਮੇਤ ਅੰਦਰ ਰੱਖੇ ਸਾਰੇ ਉਪਕਰਣ ਪੂਰੀ ਤਰ੍ਹਾਂ ਸੜ ਗਏ।ਕੁਝ ਮਰੀਜ਼ਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਮੁਸ਼ਕਲ ਹੋ ਗਈ। ਹਸਪਤਾਲ ਕੰਪਲੈਕਸ ਵਿੱਚ ਐਂਬੂਲੈਂਸ ਅਤੇ ਅੱਗ ਬੁਝਾਊ ਗੱਡੀਆਂ ਦੇ ਸਾਇਰਨ ਸੁਣਾਈ ਦੇ ਰਹੇ ਸਨ ਅਤੇ ਜੋ ਉੱਥੇ ਅੱਗ ਬੁਝਾਉਣ ਦੇ ਨਾਲ ਹੀ ਅੱਗ ਵਿੱਚ ਸੁਰੱਖਿਅਤ ਬਚੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਣ ਦਾ ਕੰਮ ਕਰ ਰਹੀਆਂ ਸਨ। ਲੋਕਾਂ ਨੂੰ ਹਸਪਤਾਲ ਦੇ ਅੰਦਰ ਆਪਣੇ ਪਰਿਵਾਰ ਵਾਲਿਆਂ ਦੇ ਸੁਰੱਖਿਅਤ ਹੋਣ ਦੀ ਖ਼ਬਰ ਜਾਣਨ ਲਈ ਕੋਸ਼ਿਸ਼ ਕਰਦੇ ਦੇਖਿਆ ਗਿਆ। ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਦੇ ਨਾਲ ਹੀ ਕਈ ਸਥਾਨਕ ਲੋਕ ਮਰੀਜ਼ਾਂ ਨੂੰ ਬਾਹਰ ਕੱਢਦੇ ਅਤੇ ਐਂਬੂਲੈਂਸ ਵਾਹਨਾਂ ਵਿੱਚ ਪਹੁੰਚਾਉਂਦੇ ਹੋਏ ਦੇਖੇ ਗਏ ਤਾਂ ਕਿ ਉਨ੍ਹਾਂ ਨੂੰ ਨੇੜ੍ਹੇ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਸਕੇ।