ਕੈਲਗਰੀ – ਸੈਲਾਨੀ ਸ਼ਹਿਰ ਬੈਂਫ਼ ਅਤੇ ਨਾਲ ਲੱਗਦੇ ਲੇਕ ਲੁਇਸ ਵਿੱਚ ਕੋਵਿਡ-19 ਦੇ 158 ਕੇਸ ਦਰਜ ਕੀਤੇ ਜਾਣ ਮਗਰੋਂ ਬੈਂਫ਼ ਦੀ ਮੇਅਰ ਕੈਰੇਨ ਸੋਰੈਂਸਨ ਨੇ ਐਲਬਰਟਾ ਹੈਲਥ ਸਰਵਿਸਿਜ਼ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਵਿੱਚ 20, 30 ਅਤੇ 40 ਸਾਲ ਦੀ ਉਮਰ ਵਰਗ ਦੇ ਲੋਕਾਂ ਵਾਸਤੇ ਕੋਵਿਡ-19 ਵੈਕਸਿਨੇਸ਼ਨ ਦਾ ਤੁਰੰਤ ਪ੍ਰਬੰਧ ਕੀਤਾ ਜਾਏ।ਇਥੇ ਕੋਰੋਨਾ ਵਾਇਰਸ ਪੌਜ਼ਿਟਿਵ ਕੇਸਾਂ ਦੀ ਗਿਣਤੀ ਪ੍ਰਤੀ ਇਕ ਲੱਖ ਵਿਅਕਤੀਆਂ ਪਿੱਛੇ 1174.6 ‘ਤੇ ਪਹੁੰਚ ਗਈ ਹੈ ਤੇ ਸੂਬੇ ਵਿੱਚ ਤੀਜੀ ਵੱਡੀ ਪੌਜ਼ਿਟਿਵ ਦਰ ਦਰਜ ਕੀਤੀ ਜਾ ਰਹੀ ਹੈ। ਹੌਸਪਿਟੈਲਿਟੀ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕ ਬੈਂਫ਼ ਵਿੱਚ ਰਹਿੰਦੇ ਹਨ ਤੇ ਸੈਲਾਨੀਆਂ ਦੀ ਵੱਡੀ ਗਿਣਤੀ ਵਿੱਚ ਇਥੇ ਪਹੁੰਚਣਾ ਜਾਰੀ ਹੈ ਜਿਸ ਕਰਕੇ ਵਾਇਰਸ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿੱਚ ਮਾਸਕ ਪਾ ਕੇ ਰੱਖਣਾ ਲਾਜ਼ਿਮ ਕੀਤਾ ਗਿਆ ਹੈ ਪਰ ਹੁਣ ਵੈਕਸਿਨੇਸ਼ਨ ਪ੍ਰੋਗਰੈਮ ਨੂੰ ਵਿਸਥਾਰ ਦੇਣ ਦੀ ਮੰਗ ਉੱਠ ਰਹੀ ਹੈ।