ਨਵੀਂ ਦਿੱਲੀ – ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੀਪ ਸਿੱਧੂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਸਿੱਧੂ ਜ਼ਮਾਨਤ ਦਿੱਤੀ ਹੈ। ਜਿਕਰਯੋਗ ਹੈ ਕਿ ਦੀਪ ਸਿੱਧੂ ਤੇ ਇਹ ਦੂਜਾ ਕੇਸ ਸੀ, ਜੋ ਕਿ ਭਾਰਤ ਦੇ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਲੋਂ ਦਰਜ ਕਰਵਾਇਆ ਗਿਆ ਸੀ।ਦਰਅਸਲ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਿੱਚ ਲਾਲ ਕਿਲ੍ਹੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਭਾਰਤ ਦੇ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਲੋਂ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਇਸ ਮਾਮਲੇ ਦੇ ਸਬੰਧ ਵਿੱਚ ਦੀਪ ਸਿੱਧੂ ਵਲੋਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅੱਜ ਕੋਰਟ ਨੇ ਮਨਜ਼ੂਰ ਕਰ ਲਿਆ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।ਜਿਕਰਯੋਗ ਹੈ ਕਿ ਲਾਲ ਕਿਲ੍ਹਾ ਹਿੰਸਾ ਨੂੰ ਲੈ ਕੇ ਦਰਜ ਹੋਈ ਐੱਫ. ਆਈ. ਆਰ. ਵਿੱਚ ਜ਼ਮਾਨਤ ਮਿਲਣ ਤੋਂ ਬਾਅਦ 17 ਅਪ੍ਰੈਲ ਨੂੰ ਦੀਪ ਸਿੱਧੂ ਤੇ ਏ. ਐੱਸ. ਆਈ. ਵਲੋਂ ਕੇਸ ਦਰਜ ਕਰਵਾਇਆ ਗਿਆ ਸੀ। ਉਸ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਪਹਿਲੀ ਵਾਰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦਾ ਦੋਸ਼ ਲੱਗਾ ਸੀ।ਜਿਕਰਯੋਗ ਹੈ ਕਿ ਏ. ਐੱਸ. ਆਈ. ਵਲੋਂ ਦਰਜ ਕੇਸ ਵਿੱਚ ਦਿੱਲੀ ਪੁਲੀਸ ਨੇ ਇਕ ਪਟੀਸ਼ਨ ਦਾਇਰ ਕਰ ਕੇ ਉਸ ਦਾ 4 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਪੁਲੀਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਐੱਫ. ਆਈ. ਆਰ. ਵਿੱਚ ਅਪਰਾਧ ਹਨ ਅਤੇ ਉਹ ਪਹਿਲੀ ਐੱਫ. ਆਈ. ਆਰ. ਵਿੱਚ ਪਹਿਲਾਂ ਹੀ ਜ਼ਮਾਨਤ ਤੇ ਸੀ। ਇਸ ਲਈ ਉਸ ਨੂੰ ਦੂਜੀ ਐੱਫ. ਆਈ. ਆਰ. ਵਿੱਚ ਜ਼ਮਾਨਤ ਮਿਲਣੀ ਚਾਹੀਦੀ ਹੈ। ਕੋਰਟ ਕਿਹਾ ਨੇ ਕਿ ਦੋਵੇਂ ਐੱਫ. ਆਈ. ਆਰ. ਨੂੰ ਪੜ੍ਹਨ ਨਾਲ ਪਤਾ ਲੱਗਦਾ ਹੈ ਕਿ ਉਸ ਖ਼ਿਲਾਫ਼ ਲਾਏ ਗਏ ਦੋਸ਼ ਇਕੋ ਜਿਹੇ ਹਨ।ਜਿਕਰਯੋਗ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰਾਂ ਨਾਲ ਲਾਲ ਕਿਲ੍ਹੇ ਪਹੁੰਚ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਦਿੱਲੀ ਪੁਲੀਸ ਵੱਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਤੇ ਵਾਪਰੀ ਘਟਨਾ ਵਿੱਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ 9 ਫਰਵਰੀ ਨੂੰ ਦਿੱਲੀ ਪੁਲੀਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ।