ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦਰਮਿਆਨ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਮੁਫ਼ਤ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ ਨੇ 1.34 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਹੈ। ਇਕ ਮਈ ਤੋਂ ਦਿੱਲੀ ਵਿੱਚ ਵੈਕਸੀਨੇਸ਼ਨ ਦਾ ਕੰਮ ਵੱਡੇ ਪੱਧਰ ਤੇ ਕੀਤਾ ਜਾਵੇਗਾ।ਉਨ੍ਹਾਂ ਨੇ ਵੈਕਸੀਨ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ, ਸੂਬੇ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਕ ਹੀ ਕੀਮਤ ਵਿੱਚ ਵੈਕਸੀਨ ਮਿਲਣੀ ਚਾਹੀਦੀ ਹੈ। ਵੈਕਸੀਨ ਨਿਰਮਾਤਾਵਾਂ ਦਾ ਦਾਅਵਾ ਹੈ ਕਿ 150 ਰੁਪਏ ਦੀ ਵੈਕਸੀਨ ਵਿੱਚ ਵੀ ਫ਼ਾਇਦਾ ਹੋ ਰਿਹਾ ਹੈ ਤਾਂ ਫਿਰ ਵੱਖ-ਵੱਖ ਕੀਮਤਾਂ ਕਿਉਂ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਪੂਰੀ ਜ਼ਿੰਦਗੀ ਲਾਭ ਕਮਾਉਣ ਲਈ ਪਈ ਹੈ, ਅਜਿਹੇ ਵਿੱਚ ਸੂਬਾ ਸਰਕਾਰਾਂ ਨੂੰ ਘੱਟ ਕੀਮਤ ਤੇ ਵੈਕਸੀਨ ਮਿਲਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ। ਜਿਕਰਯੋਗ ਹੈ ਕਿ 1 ਮਈ ਤੋਂ ਦੇਸ਼ ਵਿੱਚ ਟੀਕਾਕਰਨ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਤੀਜੇ ਪੜਾਅ ਵਿੱਚ ਸੂਬਾ ਸਰਕਾਰਾਂ ਖ਼ੁਦ ਵੈਕਸੀਨ ਨਿਰਮਾਤਾਵਾਂ ਤੋਂ ਵੈਕਸੀਨ ਲੈ ਸਕਦੀਆਂ ਹਨ।