ਜਾਰਜੀਆ, 6 ਜੂਨ ਅਮਰੀਕਾ ਦੇ ਜਾਰਜੀਆ ਵਿੱਚ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ| ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 4 ਇਕੋ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਵਿਚ 4 ਅਤੇ 6 ਸਾਲ ਦੇ ਬੱਚੇ ਵੀ ਸ਼ਾਮਲ ਸਨ ਅਤੇ ਜਹਾਜ਼ ਦਾ ਪਾਇਲਟ ਵੀ ਹਾਦਸੇ ਵਿਚ ਮਾਰਿਆ ਗਿਆ| ਇਹ ਹਾਦਸਾ ਉੱਤਰੀ ਜਾਰਜੀਆ ਦੇ ਓਕੋਨੀ ਕੋਲ ਵਾਪਰਿਆ| ਇਹ ਪਰਿਵਾਰ ਇੰਡੀਆਨਾ ਜਾ ਰਿਹਾ ਸੀ| ਫਿਲਹਾਲ ਜਾਂਚ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਤੇ ਪਰਿਵਾਰ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ|
ਜਿਕਰਯੋਗ ਹੈ ਕਿ 2 ਵਜੇ ਤੋਂ ਬਾਅਦ ਦੋ ਇੰਜਣ ਵਾਲੇ ਛੋਟੇ ਜਹਾਜ਼ ਨੇ ਵਿਲਸਟਨ ਮਿਊਨਸੀਪਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ| ਉਸ ਸਮੇਂ ਤੂਫਾਨ ਵੀ ਆਇਆ ਹੋਇਆ ਸੀ ਤੇ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਹਾਦਸਾ ਤੂਫਾਨ ਕਾਰਨ ਵਾਪਰਿਆ ਜਾਂ ਇਸ ਦਾ ਕੋਈ ਹੋਰ ਕਾਰਨ ਸੀ| ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ|