ਸਰੀ, 6 ਜੂਨ 2020-ਖਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਵੱਲੋਂ ਸਾਲ ਕੋਵਿਡ 19 ਨੂੰ ਧਿਆਨ ਵਿੱਚ ਰਖਦਿਆਂ ਹਰ ਸਾਲ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੂਨ ਵਿਚ ਕਰਵਾਏ ਜਾਣ ਵਾਲੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਗੁਰਦੁਆਰਾ ਸੁੱਖ ਸਾਗਰ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਦੱਸਿਆ ਕਿ 28 ਜੂਨ ਨੂੰ ਗੁਰੂ ਘਰ ਤੋਂ ਸਜਿਆ ਜਾਣ ਵਾਲਾ ਨਗਰ ਕੀਰਤਨ ਵੀ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਮੌਜੂਦਾ ਹਾਲਾਤ ਵਿਚ ਸਿਹਤ ਅਧਿਕਾਰੀਆਂ ਵੱਲੋਂ ਦਿੱਤੀਆਂ ਦੀ ਪਾਲਣਾ ਕਰੀਏ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਘਰ ਵਿਖੇ ਰੋਜ਼ਾਨਾ ਦੇ ਪ੍ਰੋਗਰਾਮ ਚੱਲ ਰਹੇ ਹਨ ਜਿਨਾਂ ਨੂੰ ਆਨਲਾਈਨ ਦੇਖਿਆ ਜਾ ਸਕਦਾ ਹੈ। ਗੁਰੂ ਘਰ ਵੱਲੋਂ ਬਾਹਰ ਲੰਗਰ ਭੇਜਣ ਅਤੇ ਗੁਰੂ ਘਰ ਵਿਖੇ ਲੋੜਵੰਦਾਂ ਲਈ ਲੰਗਰ ਸੇਵਾ ਨਿਰੰਤਰ ਜਾਰੀ ਹੈ।
ਇਸੇ ਦੌਰਾਨ ਗੁਰਦੁਆਰਾ ਸੁਖ ਸਾਗਰ ਵਿਖੇ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਹਨ ਜਿਹਨਾਂ ਦੇ ਭੋਗ 6 ਜੂਨ ਨੂੰ ਸ਼ਾਮ 6 ਵਜੇ ਪੈਣਗੇ। ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਦੱਸਿਆ ਕਿ 6 ਜੂਨ ਨੂੰ ਭੋਗ ਪੈਣ ਉਪਰੰਤ 8 ਵਜੇ ਤੱਕ ਦੀਵਾਨ ਸਜਣਗੇ ਜਿਹਨਾਂ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਬਾਰੇ ਵਿਚਾਰਾਂ ਹੋਣਗੀਆਂ। ਇਹਨਾਂ ਸਮਾਗਮਾਂ ਨੂੰ ਆਨ-ਲਾਈਨ ਵੀ ਦੇਖਿਆ ਸਕਦਾ ਹੈ।