ਲਖਨਊ, 21 ਜੁਲਾਈ, 2020: ਮੱਧ ਪ੍ਰਦੇਸ਼ ਦੇ ਰਾਜਪਾਲ ਲਾਲ ਜੀ ਟੰਡਨ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਇਕ ਮਹੀਨੇ ਤੋਂ ਹਸਪਤਾਲ ਦਾਖਲ ਸਨ। ਉਹਨਾਂ ਦੇ ਪੁੱਤਰ ਆਸ਼ੂਤੋਸ਼ ਟੰਡਨ ਨੇ ਦੱਸਿਆ ਕਿ ਉਹ 85 ਸਾਲਾਂ ਦੇ ਸਨ ਤੇ ਮੇਦਾਂਤਾ ਹਸਪਤਾਲ ਲਖਨਊ ਵਿਚ ਦਾਖਲ ਸਨ।
ਟੰਡਨ ਅਗਸਤ 2018 ਤੋਂ ਜੁਲਾਈ 2019 ਤੱਕ ਬਿਹਾਰ ਦੇ ਰਾਜਪਾਲ ਰਹੇ। ਇਸ ਮਗਰੋਂ ਉਹ ਮੱਧ ਪ੍ਰਦੇਸ਼ ਦੇ ਰਾਜਪਾਲ ਬਣ ਗਏ ਸਨ। 2009 ਵਿਚ ਉਹ ਲਖਨਊ ਤੋਂ ਐਮ ਪੀ ਚੁਣੇ ਗਏ ਸਨ। ਉਹਨਾਂ ਦੇ ਪੁੱਤਰ ਆਸ਼ਤੋਸ਼ ਟੰਡਨ ਯੂ. ਪੀ. ਵਿਚ ਰਾਜ ਮੰਤਰੀ ਹਨ।
ਟੰਡਨ ਦਾ ਦਿਹਾਂਤ ਅੱਜ ਸਵੇਰੇ 5.35 ਵਜੇ ਹੋਇਆ। ਉਹਨਾਂ ਦਾ ਅੰਤਿਮ ਸਸਕਾਰ ਸ਼ਾਮ 5.00 ਵਜੇ ਕੀਤਾ ਜਾਵੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਟਵੀਟ ਵਿਚ ਉਹਨਾਂ ਕਿਹਾ ਕਿ ਸ੍ਰੀ ਲਾਲ ਜੀ ਟੰਡਨ ਨੂੰ ਹਮੇਸ਼ਾ ਸਮਾਜ ਦੀ ਸੇਵਾ ਲਈ ਅਣਥੱਕ ਯਤਨ ਲਈ ਜਾਣਿਆ ਜਾਵੇਗਾ। ਉਹਨਾਂ ਨੇ ਯੂ ਪੀ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਹ ਕੁਸ਼ਲ ਪ੍ਰਸ਼ਾਸਕ ਸਨ ਤੇ ਹਮੇਸ਼ਾ ਜਨਤਕ ਭਲਾਈ ਨੂੰ ਅਹਿਮੀਅਤ ਦਿੰਦੇ ਸਨ। ਉਹਨਾਂ ਦੇ ਅਕਾਲ ਚਲਾਣੇ ਨਾਲ ਮੈਂ ਦੁਖੀ ਹਾਂ।