ਲਖਨਊ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੀ ਖੜੋਤ ਨੂੰ ਤੋੜਨ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਕੇਂਦਰ ਦਰਮਿਆਨ ਸੰਵਾਦ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਹੈ। ਸਿੰਘ ਨੇ ਆਪਣੇ ਸੰਬੋਧਨ ਵਿੱਚ ਚੀਨ ਨਾਲ ਸਰਹੱਦੀ ਝੜਪਾਂ ਤੇ ਰਾਮ ਮੰਦਿਰ ਦੀ ਉਸਾਰੀ ਦਾ ਮਾਮਲਾ ਵੀ ਚੁੱਕਿਆ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਫ਼ਾ ਕਿਸਾਨਾਂ ਨੂੰ ਅਪੀਲ ਕਰਦਿਆਂ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਨੂੰ ਸੰਵਾਦ ਜ਼ਰੀਏ ਸੁਲਝਾਇਆ ਜਾ ਸਕਦਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਹਵਾਲੇ ਨਾਲ ਸਿੰਘ ਨੇ ਕਿਹਾ, ‘ਭਾਜਪਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਦ੍ਰਿੜ ਸੰਕਲਪ ਹੈ ਤੇ ਘੱਟੋ ਘੱਟੋ ਸਮਰਥਨ ਮੁੱਲ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਹੋਵੇਗਾ।’ ਉੱਤਰ ਪ੍ਰਦੇਸ਼ ਭਾਜਪਾ ਕਾਰਜਕਾਰੀ ਕਮੇਟੀ ਦੀ ਉਦਘਾਟਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, ‘ਅਸੀਂ ਸਾਰੇ ਕਿਸਾਨ ਪਰਿਵਾਰਾਂ ਤੋਂ ਹਾਂ ਅਤੇ ਅਸੀਂ ਕਿਸਾਨ ਹਿੱਤਾਂ ਲਈ ਕਿਸੇ ਵੀ ਸੋਧ ਤੇ ਹੱਲ ਲਈ ਤਿਆਰ ਹਾਂ।’ ਉਨ੍ਹਾਂ ਭਾਜਪਾ ਨਾਲ ਜੁੜੇ ਜ਼ਮੀਨੀ ਵਰਕਰਾਂ ਦੀ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਕੋ-ਇਕ ਪਾਰਟੀ ਹੈ, ਜੋ ਹੁਣ ਤੱਕ ਦੋਫਾੜ ਨਹੀਂ ਹੋਈ। ਉਨ੍ਹਾਂ ਕਿਹਾ, ‘ਇਹ ਸੱਤਾ ਹਾਸਲ ਕਰਨ ਵਾਲੇ ਵਰਕਰਾਂ ਦਾ ਹਜੂਮ ਨਹੀਂ ਬਲਕਿ ਜ਼ਿੰਦਾਦਿਲ ਪਾਰਟੀ ਹੈ, ਜਿਸ ਦਾ ਇਕ ਸਿਆਸੀ ਨਜ਼ਰੀਆ ਹੈ।’ ਉਨ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਹਵਾਲੇ ਨਾਲ ਕਿਹਾ, ‘ਲੋਕ ਕਹਿੰਦੇ ਸੀ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਭਾਜਪਾ ਰਾਮ ਮੰਦਰ ਦੀ ਉਸਾਰੀ ਦਾ ਰਾਗ ਅਲਾਪਦੀ ਹੈ, ਪਰ ਇਹ ਵੀ ਸੰਜੋਗ ਹੈ ਕਿ ਜਦੋਂ ਅਯੁੱਧਿਆ ’ਚ ਢਾਂਚੇ ਨੂੰ ਢਾਹਿਆ ਤਾਂ ਯੂਪੀ ’ਚ ਕਲਿਆਣ ਸਿੰਘ ਦੀ ਅਗਵਾਈ ’ਚ ਭਾਜਪਾ ਸਰਕਾਰ ਸੀ ਤੇ ਹੁਣ ਜਦੋਂ ਮੰਦਰ ਦੀ ਉਸਾਰੀ ਸ਼ੁਰੂ ਹੋਈ ਤਾਂ ਵੀ ਸੂਬੇ ਵਿੱਚ ਭਾਜਪਾ ਦੀ ਹੀ ਸਰਕਾਰ ਹੈ।