ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਲੋੜ ਪੈਣ ’ਤੇ ਭਾਰਤ, ਬ੍ਰਿਟੇਨ ਕੋਲ ਉਥੇ ਨਸਲਵਾਦ ਦੀਆਂ ਕਥਿਤ ਘਟਨਾਵਾਂ ਦਾ ਮੁੱਦਾ ਉਠਾਏਗਾ।ਭਾਰਤ ਨੂੰ ਮਹਾਤਮਾ ਗਾਂਧੀ ਦੀ ਧਰਤੀ ਕਰਾਰ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਮੁਲਕ ਨਸਲਵਾਦ ਨੂੰ ਲੈ ਕੇ ਆਪਣੀਆਂ ਅੱਖਾਂ ਦੂਜੇ ਪਾਸੇ ਨਹੀਂ ਘੁਮਾ ਸਕਦਾ ਹੈ। ਭਾਜਪਾ ਮੈਂਬਰ ਅਸ਼ਵਨੀ ਵੈਸ਼ਨਵ ਵੱਲੋਂ ਸਿਫ਼ਰ ਕਾਲ ’ਚ ਭਾਰਤੀ ਮੂਲ ਦੀ ਰਸ਼ਮੀ ਸਾਮੰਤ ਦਾ ਮੁੱਦਾ ਉਠਾਏ ਜਾਣ ’ਤੇ ਸ੍ਰੀ ਜੈਸ਼ੰਕਰ ਨੇ ਇਹ ਗੱਲ ਆਖੀ। ਰਸ਼ਮੀ ਨੂੰ ਕਥਿਤ ਨਸਲਵਾਦ ਅਤੇ ‘ਸਾਈਬਰ ਬੁਲਿੰਗ’ ਕਾਰਨ ਆਕਸਫੋਰਡ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਅਹੁਦੇ ’ਤੇ ਨਿਯੁਕਤੀ ਤੋਂ ਪੰਜ ਦਿਨਾਂ ਦੇ ਅੰਦਰ ਹੀ ਅਸਤੀਫ਼ਾ ਦੇਣਾ ਪਿਆ ਸੀ। ਉਪਰਲੇ ਸਦਨ ’ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਨਾਲ ਭਾਰਤ ਦੇ ਮਜ਼ਬੂਤ ਰਿਸ਼ਤੇ ਹਨ ਅਤੇ ਜਦੋਂ ਵੀ ਲੋੜ ਹੋਵੇਗੀ, ਉਹ ਉਸ ਕੋਲ ਅਜਿਹੇ ਮਾਮਲੇ ਜ਼ਰੂਰ ਉਠਾਏਗਾ। ਉਨ੍ਹਾਂ ਕਿਹਾ ਕਿ ਘਟਨਾ ’ਤੇ ਕਰੀਬੀ ਨਜ਼ਰ ਰੱਖੀ ਹੋਈ ਹੈ ਅਤੇ ਉਹ ਨਸਲਵਾਦ ਤੇ ਕਿਸੇ ਵੀ ਤਰ੍ਹਾਂ ਦੀ ਅਸਹਿਣਸ਼ੀਲਤਾ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਅਸ਼ਵਨੀ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਰਸ਼ਮੀ ਦੇ ਮਾਪੇ ਹਿੰਦੂ ਹਨ ਅਤੇ ਇਸ ਨੂੰ ਲੈ ਕੇ ਫੈਕਲਟੀ ਮੈਂਬਰਾਂ ਨੇ ਸ਼ਰੇਆਮ ਉਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਬ੍ਰਿਟੇਨ ’ਚ ਸਾਮਰਾਜੀ ਦੌਰ ਤੋਂ ਲੈ ਕੇ ਹੁਣ ਤੱਕ ਵਿਤਕਰਾ ਹੁੰਦਾ ਆ ਰਿਹਾ ਹੈ। ਭਾਜਪਾ ਮੈਂਬਰ ਨੇ ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਰਕਲ ਵੱਲੋਂ ਸ਼ਾਹੀ ਘਰਾਣੇ ’ਤੇ ਲਾਏ ਗਏ ਨਸਲਵਾਦ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ,‘‘ਇਕ ਸਮਾਜ ਦਾ ਵਿਵਹਾਰ ਉਸ ਦੇ ਧਰਮ ਅਤੇ ਕਦਰਾਂ ਕੀਮਤਾਂ ਦੀ ਝਲਕ ਹੁੰਦਾ ਹੈ। ਜੇਕਰ ਸਮਾਜ ’ਚ ਉਪਰਲੇ ਪੱਧਰ ’ਤੇ ਨਸਲਵਾਦ ਇੰਜ ਹੀ ਜਾਰੀ ਰਿਹਾ ਤਾਂ ਹੇਠਲੇ ਪੱਧਰ ’ਤੇ ਲੋਕ ਇਸ ਦਾ ਪਾਲਣ ਕਰਨਗੇ।’’