ਅਹਿਮਦਾਬਾਦ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ ਦਾ ਤੀਜਾ ਮੈਚ ਭਲਕੇ 16 ਮਾਰਚ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜੇ ਮੈਚ ’ਚ ਸ਼ਾਨਦਾਰ ਜਿੱਤ ਮਗਰੋਂ ਲੜੀ ਵਿੱਚ ਬਰਾਬਰੀ ਕਰਨ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਤੀਜੇ ਮੈਚ ਵਿੱਚ ਵੀ ਬੇਖੌਫ਼ ਬੱਲੇਬਾਜ਼ੀ ਦੀ ਆਪਣੀ ਨਵੀਂ ਨੀਤੀ ’ਤੇ ਅਮਲ ਕਰਨ ਦੀ ਸੋਚੇਗੀ। ਬੀਤੇ ਦਿਨ ਖੇਡੇ ਗਏ ਦੂਜੇ ਮੈਚ ਵਿੱਚ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ, ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗੇਂਦਬਾਜ਼ਾਂ ਨੇ ਵੀ ਚੰਗੀ ਛਾਪ ਛੱਡੀ। ਇਸ ਕਰਕੇ ਭਾਰਤ ਆਪਣੀ ਟੀਮ ਵਿੱਚ ਬਦਲਾਅ ਨਹੀਂ ਕਰਨਾ ਚਾਹੇਗਾ ਹਾਲਾਂਕਿ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਦੋ ਮੈਚਾਂ ਵਿੱਚ ਆਰਾਮ ਕਰਨ ਮਗਰੋਂ ਵਾਪਸੀ ਹੋ ਸਕਦੀ ਹੈ। ਭਾਰਤ ਦਾ ਟੀਚਾ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਸਹੀ ਸੁਮੇਲ ਲੱਭਣਾ ਹੈ। ਮੈਚ ਭਲਕੇ 16 ਮਾਰਚ ਨੂੰ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ।