ਕੈਲੀਫੋਰਨੀਆ – ਸੈਨ ਡਿਏਗੋ ਚਿੜੀਆਘਰ ਵਿੱਚ ਕਈ ਗੁਰਿੱਲਾ ਜਾਨਵਰਾਂ ਨੂੰ ਇੱਕ ਪ੍ਰਯੋਗਾਤਮਕ ਕੋਵਿਡ-19 ਟੀਕਾ ਲਗਾਇਆ ਗਿਆ ਹੈ, ਜੋ ਕਿ ਵਿਸ਼ੇਸ਼ ਤੌਰ ‘ਤੇ ਜਾਨਵਰਾਂ ਲਈ ਤਿਆਰ ਕੀਤਾ ਗਿਆ ਹੈ। ਇਹਨਾਂ ਜਾਨਵਰਾਂ ਵਿੱਚ ਕੈਰਨ ਨਾਮ ਦਾ ਇੱਕ ਗੁਰਿੱਲਾ, ਜਿਸਦੀ 1994 ਵਿੱਚ ਦਿਲ ਦੀ ਸਰਜਰੀ ਕੀਤੀ ਗਈ ਸੀ, ਨੂੰ ਵੀ ਟੀਕਾ ਲਗਾਇਆ ਗਿਆ ਸੀ।ਕੈਰਨ, ਦੇ ਨਾਲ ਕਈ ਹੋਰ ਗੁਰਿੱਲਾ ਜਾਨਵਰਾਂ ਨੂੰ ਪਿਛਲੇ ਮਹੀਨੇ ਪਸ਼ੂ ਫਾਰਮਾਸਿਊਟੀਕਲ ਕੰਪਨੀ ਜ਼ੋਏਟਿਸ ਦੁਆਰਾ ਵਿਕਸਤ ਕੀਤੀਆਂ ਗਈਆਂ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸਨ। ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਜਨਵਰੀ ਵਿੱਚ, ਅੱਠ ਗੋਰਿੱਲਾ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ, ਜੋ ਕਿ ਹੁਣ ਠੀਕ ਹੋ ਰਹੇ ਹਨ। ਇਸਦੇ ਇਲਾਵਾ ਮਾਹਿਰਾਂ ਅਨੁਸਾਰ ਦੁਨੀਆ ਭਰ ਦੇ ਹੋਰ ਜਾਨਵਰ ਜਿਹਨਾਂ ਵਿੱਚ ਕੁੱਤੇ, ਬਿੱਲੀਆਂ, ਸ਼ੇਰ ਆਦਿ ਹਨ ਵਿੱਚ ਵੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ।ਇੱਕ ਸਾਲ ਪਹਿਲਾਂ ਹਾਂਗ ਕਾਂਗ ਵਿੱਚ ਇੱਕ ਕੁੱਤੇ ਦੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਜ਼ੋਏਟਿਸ ਕੰਪਨੀ ਨੇ ਕੁੱਤਿਆਂ ਅਤੇ ਬਿੱਲੀਆਂ ਲਈ ਕੋਵਿਡ -19 ਟੀਕੇ ਦਾ ਵਿਕਾਸ ਸ਼ੁਰੂ ਕੀਤਾ ਸੀ। ਇਹ ਟੀਕਾ ਅਕਤੂਬਰ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨਿਆ ਗਿਆ ਸੀ ਪਰ ਇਸਦੀ ਟੈਸਟਿੰਗ ਸਿਰਫ ਕੁੱਤਿਆਂ ਅਤੇ ਬਿੱਲੀਆਂ ਵਿੱਚ ਕੀਤੀ ਗਈ ਸੀ। ਇਸਦੇ ਬਾਵਜੂਦ ਵੀ ਚਿੜੀਆਘਰ ਦੇ ਅਨੁਸਾਰ ਜਾਨਵਰਾਂ ਵਿੱਚ ਕੋਈ ਵੀ ਉਲਟ ਅਸਰ ਵੇਖਣ ਨੂੰ ਨਹੀ ਮਿਲਿਆ ਹੈ।