ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਮੰਨਿਆ ਕਿ ਖਪਤਕਾਰਾਂ ’ਤੇ ਪੈ ਰਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਕੀਮਤਾਂ ਦਾ ਬੋਝ ਘਟਾਉਣ ਦੀ ਲੋੜ ਹੈ ਪਰ ਟੈਕਸ ਘਟਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਸ ’ਚ ਤਾਲਮੇਲ ਕਰਨਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰੀ ਟੈਕਸਾਂ ’ਚ ਕਟੌਤੀ ਸਬੰਧੀ ਕੇਂਦਰ ਵੱਲੋਂ ਪਹਿਲਾਂ ਕੋਈ ਕਦਮ ਚੁੱਕੇ ਜਾਣ ਬਾਰੇ ਟਿੱਪਣੀ ਨਹੀਂ ਕੀਤੀ। ਆਈਡਬਲਿਊਪੀਸੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਤਾਰਾਮਨ ਨੇ ਕਿਹਾ, ‘‘ਕਾਫੀ ਕਾਰਨ ਹਨ, ਜਿਨ੍ਹਾਂ ਕਰਕੇ ਕੀਮਤਾਂ ਘਟਣੀਆਂ ਚਾਹੀਦੀਆਂ ਹਨ, ਇਹ ਇੱਕ ਬੋਝ ਹੈ। ਉਹ ਖਪਤਕਾਰਾਂ ’ਤੇ ਪੈ ਰਹੇ ਬੋਝ ਨੂੰ ਸਮਝਦੇ ਹਨ ਅਤੇ ਕੀਮਤਾਂ ’ਚ ਵਾਧਾ ਇੱਕ ਗੰਭੀਰ ਮੁੱਦਾ ਹੈ।’