ਕੈਲੀਫੋਰਨੀਆ – ਟੈਕਸਾਸ ਦੇ ਇੱਕ ਪੁਲਿਸ ਅਧਿਕਾਰੀ ਨੂੰ ਡੇਲਾਸ ਵਿੱਚ ਹੋਏ ਦੋ ਕਤਲਾਂ ਦੇ ਦੋਸ਼ ਵਿੱਚ ਵੀਰਵਾਰ ਦੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਮੁਖੀ ਐਡੀ ਗਾਰਸੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਲਾਸ ਪੁਲਿਸ ਫੋਰਸ ਵਿੱਚ 13 ਸਾਲਾਂ ਤੋਂ ਕੰਮ ਕਰ ਰਹੇ ਬ੍ਰਿਆਨ ਰਾਈਜ਼ਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਡੇਲਾਸ ਕਾਉਂਟੀ ਜੇਲ ਵਿੱਚ ਭੇਜਿਆ ਗਿਆ ਹੈ। ਗਾਰਸੀਆ ਅਨੁਸਾਰ ਇਸ ਮਾਮਲੇ ਸੰਬੰਧੀ ਅਗਸਤ 2019 ਵਿੱਚ ਇੱਕ ਆਦਮੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਰਾਈਜ਼ਰ ਨੇ ਉਸ ਨੂੰ 2017 ਵਿੱਚ ਦੋ ਲੋਕਾਂ ਨੂੰ ਅਗਵਾ ਕਰਕੇ ਮਾਰਨ ਦਾ ਨਿਰਦੇਸ਼ ਦਿੱਤਾ ਸੀ,ਅਤੇ ਰਾਈਜ਼ਰ ਕਤਲ ਹੋਣ ਸਮੇਂ ਡਿਊਟੀ ‘ਤੇ ਨਹੀ ਸੀ। ਅਧਿਕਾਰੀਆਂ ਅਨੁਸਾਰ ਇਸ ਪੁਲਿਸ ਅਫਸਰ ਦੀ ਗ੍ਰਿਫਤਾਰੀ 2017 ਦੀ ਸ਼ੁਰੂ ਹੋਈ ਅੰਦਰੂਨੀ ਜਾਂਚ ਕਰਕੇ ਹੋਈ ਹੈ।ਗਾਰਸੀਆ ਨੇ ਦੱਸਿਆ ਕਿ 10 ਮਾਰਚ, 2017 ਨੂੰ, ਪੁਲਿਸ ਨੇ 31 ਸਾਲਾ ਲੀਜ਼ਾ ਸੇਂਜ਼ ਨੂੰ ਕਈ ਗੋਲੀਆਂ ਦੇ ਜ਼ਖਮਾਂ ਦੇ ਨਾਲ ਸਾਂਟਾ ਫੇ ਐਵੇਨਿਊ ਦੇ 200 ਬਲਾਕ ਵਿੱਚ ਮ੍ਰਿਤਕ ਪਾਇਆ, ਜਿਸਨੂੰ ਕਿ ਗਵਾਹ ਆਦਮੀ ਅਨੁਸਾਰ ਰਾਈਜ਼ਰ ਦੇ ਨਿਰਦੇਸ਼ਾਂ ‘ਤੇ ਅਗਵਾ ਕਰਕੇ ਕਤਲ ਕੀਤਾ ਗਿਆ ਸੀ। ਇਸੇ ਹੀ ਤਰ੍ਹਾਂ ਇਸ ਮਾਮਲੇ ਦੇ ਦੂਜੇ ਸ਼ਿਕਾਰ, 61 ਸਾਲਾ ਐਲਬਰਟ ਡਗਲਸ ਦੇ ਅਗਵਾ ਕਰਨ ਦੀ ਵੀ ਗੱਲ ਕਹੀ ਸੀ ਜੋ ਕਿ ਫਰਵਰੀ 2017 ਵਿੱਚ ਲਾਪਤਾ ਹੋਇਆ ਸੀ ਅਤੇ ਉਸਦੀ ਲਾਸ਼ ਕਦੇ ਨਹੀਂ ਮਿਲੀ ਸੀ। ਜਦਕਿ ਗਾਰਸੀਆ ਅਨੁਸਾਰ ਡਗਲਸ ਨੂੰ ਵੀ ਸਾਂਟਾ ਫੇ ਐਵੀਨਿਊ ਦੇ 200 ਬਲਾਕ ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਅਨੁਸਾਰ ਇਹ ਕਤਲ ਰਾਈਜ਼ਰ ਦੇ ਪੁਲਿਸ ਕੰਮ ਨਾਲ ਸਬੰਧਤ ਨਹੀਂ ਸਨ ਅਤੇ ਇਹਨਾਂ ਦੇ ਉਦੇਸ਼ਾਂ ਪ੍ਰਤੀ ਜਾਂਚ ਜਾਰੀ ਹੈ।