ਕੈਲੀਫੋਰਨੀਆਂ – ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਲਾਗ ਨੂੰ ਵਧਣ ਤੋਂ ਰੋਕਣ ਲਈ ਟੀਕਾਕਰਨ ਨੂੰ ਦੇਸ਼ ਭਰ ਵਿੱਚ ਸਫਲ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।ਇਸ ਟੀਕਾਕਰਨ ਦੀ ਲੜੀ ਤਹਿਤ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵੀ ਮੰਗਲਵਾਰ ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਟੈਲੀਵਿਜ਼ਨ ‘ਤੇ ਮੋਡਰਨਾ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਦੇ ਨਾਲ ਹੀ ਅਮਰੀਕਾ ਵਾਸੀਆਂ ਨੂੰ ਵਾਇਰਸ ਦਾ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ ਹੈ।ਹੈਰਿਸ ਨੇ ਆਪਣੀ ਖੱਬੀ ਬਾਂਹ ਵਿੱਚ ਟੀਕਾ ਲਗਵਾਉਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਸੌਖਾ ਦੱਸਦਿਆਂ ਦੇਸ਼ ਵਾਸੀਆਂ ਨੂੰ ਉਤਸ਼ਾਹਿਤ ਕੀਤਾ। ਬਾਈਡੇਨ-ਹੈਰਿਸ ਤਬਦੀਲੀ ਟੀਮ ਦੇ ਅਨੁਸਾਰ, ਹੈਰਿਸ ਨੂੰ ਇਹ ਟੀਕਾ ਯੂਨਾਈਟਿਡ ਮੈਡੀਕਲ ਸੈਂਟਰ ਵਿਖੇ ਕਲੀਨਿਕਲ ਨਰਸ ਮੈਨੇਜਰ ਪੈਟਰਸੀਆ ਕਮਿੰਗਜ਼ ਦੁਆਰਾ ਲਗਾਇਆ ਗਿਆ ਹੈ।ਇਸਦੇ ਬਾਅਦ ਹੈਰਿਸ ਨੇ ਕਮਿਊਨਿਟੀ ਦੀ ਸੇਵਾ ਕਰਨ ਲਈ ਯੂਨਾਈਟਿਡ ਮੈਡੀਕਲ ਸੈਂਟਰ ਦਾ ਵੀ ਧੰਨਵਾਦ ਕੀਤਾ।ਕਮਲਾ ਹੈਰਿਸ ਨੇ ਮੋਡਰਨਾ ਟੀਕੇ ਦੀ ਪਹਿਲੀ ਖੁਰਾਕ, ਜੋਅ ਬਾਈਡੇਨ ਦੁਆਰਾ ਟੈਲੀਵਿਜ਼ਨ ‘ਤੇ ਲਾਈਵ ਟੀਕਾ ਲਗਵਾਉਣ ਦੇ ਤਕਰੀਬਨ ਇੱਕ ਹਫਤੇ ਬਾਅਦ ਲਗਵਾਇਆ ਹੈ।ਬਾਈਡੇਨ ਨੇ ਵੀ ਲੋਕਾਂ ਨੂੰ ਟੀਕੇ ਦੀ ਸੁਰੱਖਿਆ ਬਾਰੇ ਭਰੋਸਾ ਦਵਾ ਕੇ ਜਲਦੀ ਟੀਕਾ ਲਗਾਉਣ ਦੀ ਅਪੀਲ ਕੀਤੀ ਸੀ।