ਸਰੀ – ਕੈਨੇਡਾ ਵਿਚ ਦਾਖਲ ਹੋਣ ਵਾਲੇ ਸਾਰੇ ਹਵਾਈ ਯਾਤਰੀਆਂ ਸਬੰਧੀ ਅੱਜ ਕੈਨੇਡੀਅਨ ਸਰਕਾਰ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਹਰ ਇਕ ਮੁਸਾਫ਼ਰ ਲਈ COVID-19 ਟੈਸਟ ਦਾ ਸਬੂਤ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਪੌਜ਼ੇਟਿਵ ਰਿਪੋਰਟ ਵਾਲਾ ਕੋਈ ਵੀ ਯਾਤਰੀ ਕੈਨੇਡਾ ਵਿਚ ਦਾਖ਼ਲ ਨਹੀਂ ਹੋ ਸਕੇਗਾ।ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਸਖਤ ਕੀਤੇ ਨਿਯਮ ਕੋਰੋਨਾ ਵਾਇਰਸ ਦਾ ਪਾਸਾਰ ਰੋਕਣ ਅਤੇ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਲਈ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਰਹੱਦੋਂ ਪਾਰ ਅਤੇ ਹਵਾਈ ਅੱਡਿਆਂ ‘ਤੇ ਵੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਏਜੰਟਾਂ ਦੀ ਮੌਜੂਦਗੀ ਵਿਚ ਵਾਧਾ ਕੀਤਾ ਜਾਵੇਗਾ। ਬਲੇਅਰ ਨੇ ਲੋਕਾਂ ਨੂੰ ਗ਼ੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਨਵੇਂ ਨਿਯਮ ਆਉਂਦੇ ਦਿਨਾਂ ਵਿਚ ਲਾਗੂ ਹੋ ਜਾਣਗੇ ।