ਔਕਲੈਂਡ, 29 ਮਈ 2020 – ਨਿਊਜ਼ੀਲੈਂਡ ਵਿੱਚ ਪਿਛਲੇ ਪੂਰਾ ਹਫਤਾ ਜਿੱਥੇ ਕੋਈ ਵੀ ਨਵਾਂ ਕੇਸ ਤੋਂ ਬਿਨਾਂ ਲੰਘ ਗਿਆ ਹੈ ਉਥੇ ਐਕਟਿਵ ਕੇਸਾਂ ਦੀ ਗਿਣਤੀ ਵੀ ਘੱਟਦੀ ਘਟਦੀ ਅੱਜ ਇੱਕ ਰਹਿ ਗਈ ਹੈ। ਪੰਜਾਬੀ ਬਜ਼ੁਰਗਾਂ ਦੀ ਢਾਣੀ ਉੱਤੇ ਦੇਸ਼ ਦੀ ਪ੍ਰਧਾਨ ਮੰਤਰੀ ਦੇ ਅਸਲ ਨਾਂਅ ਜੈਸਿੰਡਾ ਆਰਡਨ ਨੂੰ ਕਈ ਵਾਰ ਸਾਡੇ ਬਜ਼ੁਰਗ ਪਿਆਰ ਨਾਲ ‘ਸ਼ਿੰਦੀ’ ਕਹਿ ਛੱਡਦੇ ਹਨ ਅਤੇ ਅੱਜ ਉਹ ‘ਜਿਊਂਦੀ ਰਹਿ ਸ਼ਿੰਦੀਏ’ ਕਹਿੰਦੇ ਹੋਣਗੇ।
ਦੇਸ਼ ਵਿਚ ਕੋਵਿਡ-19 ਦੇ 1504 ਕੇਸ ਹੀ ਹਨ। ਪਿਛਲੇ 24 ਘੰਟਿਆਂ ਤੱਕ ਕੋਰੋਨਾ ਤੋਂ 7 ਹੋਰ ਲੋਕ ਰਿਕਵਰ ਹੋਏ ਹਨ ਤੇ ਸਿਰਫ਼ 1 ਐਕਟਿਵ ਕੇਸ ਹੀ ਰਹਿ ਗਿਆ ਹੈ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤ ਦਰਜ ਨਹੀਂ ਹੈ।
ਨਿਊਜ਼ੀਲੈਂਡ ਵਿੱਚ ਕੋਰੋਨਾ ਤਾਲਾਬੰਦੀ ਅਜੇ ਪੱਧਰ 2 ਉੱਤੇ ਹੈ ਤੇ ਘੱਟੋ-ਘੱਟ 22 ਜੂਨ ਤੱਕ ਇਹ ਰਹੇਗੀ ਪਰ ਅੱਜ ਦੁਪਹਿਰ ਨੂੰ ਸਮਾਜਿਕ ਇੱਕਠਾਂ ਉੱਤੇ ਪਾਬੰਦੀਆਂ ਨੂੰ ਘਟਾ ਦਿੱਤਾ ਗਿਆ ਹੈ ਅਤੇ ਲੋਕ ਹੁਣ 1 ਮੀਟਰ ਦਾ ਫਾਸਲਾ ਰੱਖ ਕੇ 100 ਦੀ ਗਿਣਤੀ ਤੱਕ ਇਕੱਠੇ ਹੋ ਸਕਦੇ ਹਨ। ਧਾਰਮਿਕ ਸਥਾਨਾਂ ਅਤੇ ਅੰਤਿਮ ਸੰਸਕਾਰ ਵਰਗੇ ਸਮਾਗਮਾਂ ‘ਤੇ ਇਕੱਠੇ ਹੋ ਸਕਦੇ ਹਨ। ਕੁੱਝ ਕਮਿਊਨਿਟੀ ਖੇਡਾਂ ਵੀ ਇਸ ਹਫ਼ਤੇ ਦੇ ਅੰਤ ਵਿੱਚ ਦੁਬਾਰਾ ਸ਼ੁਰੂ ਹੋਣਗੀਆਂ। ਮੰਤਰਾਲੇ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਰਾਹਤ ਨੂੰ ਸੁਰੱਖਿਅਤ ਰੂਪ ਵਿਚ ਲੈਣ।
ਸਮਾਜਿਕ ਇਕੱਠ ਦੇ ਇੰਚਾਰਜ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਸੰਪਰਕ ਟਰੇਸਿੰਗ ਦੇ ਉਦੇਸ਼ਾਂ ਲਈ ਰਿਕਾਰਡ ਰੱਖਣਾ ਲਾਜ਼ਮੀ ਹੈ, ਸਿਵਾਏ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਇਕੱਠ ਵਿੱਚ ਹਰ ਵਿਅਕਤੀ ਇੱਕ ਦੂਜੇ ਨੂੰ ਜਾਣਦਾ ਹੈ। ਇਸ ਦੇ ਲਈ ਐਪ ਵੀ ਬਣਾਈ ਗਈ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੱਲ੍ਹ 4162 ਹੋਰ ਟੈੱਸਟ ਪੂਰੇ ਹੋਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਭਰ ਵਿੱਚ 275,852 ਟੈੱਸਟ ਕੀਤੇ ਗਏ ਹਨ।