ਸਰੀ, 29 ਮਈ 2020 – ਪਹਿਲੀ ਜੂਨ ਤੋਂ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਏਅਰਪੋਰਟ ਤੇ ਯਾਤਰੀਆਂ ਨੂੰ ਛੱਡਣ ਵਾਲਿਆਂ ਅਤੇ ਲਿਆਉਣ ਵਾਲਿਆਂ ਨੂੰ ਏਅਰਪੋਰਟ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਬੱਚਿਆਂ, ਅੰਗਹੀਣਾਂ, ਅਪਾਹਜਾਂ ਦੀ ਸਹਾਇਤਾ ਲਈ ਨਾਲ ਆਉਣ ਵਾਲਿਆਂ ਨੂੰ ਇਸ ਪਾਬੰਦੀ ਤੋਂ ਛੋਟ ਹੋਵੇਗੀ।
ਏਅਰਪੋਰਟ ਵਰਕਰਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਮਿੱਤਰ ਵੀ ਹੁਣ ਉਨ੍ਹਾਂ ਨੂੰ ਟਰਮੀਨਲ ਇਮਾਰਤਾਂ ਤੋਂ ਬਾਹਰ ਹੀ ਮਿਲ ਸਕਣਗੇ। ਏਅਰਪੋਰਟ ਵਰਕਰਾਂ ਨੂੰ ਆਪਸ ਵਿਚ ਅਤੇ ਯਾਤਰੀਆਂ ਦਰਮਿਆਨ ਦੋ ਮੀਟਰ ਦਾ ਫਰਕ ਵੀ ਰੱਖਣਾ ਹੋਵੇਗਾ ਅਤੇ ਸਾਰੇ ਯਾਤਰੀਆਂ ਤੇ ਏਅਰਪੋਰਟ ਵਰਕਰਾਂ ਨੂੰ ਸਕਿਊਰਿਟੀ ਸਕਰੀਨਿੰਗ, ਪਾਰਕਿੰਗ ਫੈਸਿਲਿਟੀਜ਼, ਸਾਈਡਵਾਕਸ ਤੇ ਹੋਰ ਪਬਲਿਕ ਏਰੀਏ ਵਿਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।