ਕੈਲੇਫੋਰਨੀਆ – ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਰਾਜ ਵਿੱਚ ਵਾਇਰਸ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਕਾਰਨ ਅਗਲੇ ਮਹੀਨੇ ਤੱਕ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ।ਸੂਬੇ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਲਗਭਗ 5 ਲੱਖ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਜੋ ਕਿ ਇੱਕ ਲੱਖ ਕੇਸਾਂ ਦਾ ਭਾਰ ਹਸਪਤਾਲਾਂ “ਤੇ ਪਾ ਸਕਦੇ ਹਨ।ਵਾਇਰਸ ਦੀ ਲਾਗ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ,ਕੈਲੇਫੋਰਨੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸੈਕਟਰੀ ਡਾ. ਮਾਰਕ ਘਾਲੀ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਰਾਜ ਦੇ ਸਾਰੇ ਖੇਤਰਾਂ ਵਿੱਚ ਇਸ ਮਹੀਨੇ ਦੇ ਅਖੀਰ ਅਤੇ ਜਨਵਰੀ ਦੇ ਅਰੰਭ ਤੱਕ ਹਸਪਤਾਲਾਂ ਵਿੱਚ ਕਮਰੇ ਖ਼ਤਮ ਹੋਣ ਦਾ ਡਰ ਹੈ।ਇਸ ਸਾਹਮਣੇ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਅਸਥਾਈ ਸਟਾਫ਼ ਨੂੰ ਵਧਾਉਣ ਨਾਲ, ਜਿਮਨੇਜ਼ੀਅਮ, ਟੈਂਟਾਂ ਅਤੇ ਖ਼ਾਲੀ ਐਨ.ਬੀ.ਏ ਅਖਾੜੇ ਵਰਗੀਆਂ ਥਾਂਵਾਂ ਨੂੰ ਅਸਥਾਈ ਹਸਪਤਾਲਾਂ ਵਿੱਚ ਬਦਲਿਆ ਜਾ ਸਕਦਾ ਹੈ। ਕੈਲੇਫੋਰਨੀਆ ਵਿੱਚ ਇੱਕ ਦਿਨ “ਚ ਔਸਤਨ ਲਗਭਗ 44,000 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਹੋਏ ਹਨ ਜਦਕਿ ਪਿਛਲੇ ਦੋ ਹਫ਼ਤਿਆਂ ਵਿੱਚ 525,000 ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਵਿੱਚੋਂ ਅੰਦਾਜ਼ਨ 12% ਉਹ ਮਰੀਜ਼ ਜੋ ਹਸਪਤਾਲ ਵਿੱਚ ਪਾਜ਼ੀਟਿਵ ਟੈਸਟ ਦੀ ਜਾਂਚ ਕਰਦੇ ਹਨ।ਇਸ ਗਿਣਤੀ ਦੇ ਨਾਲ ਪਿਛਲੇ 14 ਦਿਨਾਂ ਦੌਰਾਨ ਲੱਗਭਗ 63,000 ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ।ਇੰਨਾ ਹੀ ਨਹੀਂ ਪਿਛਲੇ ਛੇ ਹਫ਼ਤਿਆਂ ਵਿੱਚ ਹੋਏ ਕੇਸਾਂ ਦੇ ਵਿਸਫੋਟ ਨਾਲ ਕੈਲੇਫੋਰਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਜਿਸ ਸੰਬੰਧੀ ਐਤਵਾਰ ਨੂੰ ਹੋਈਆਂ ਹੋਰ 83 ਮੌਤਾਂ ਦੀ ਰਿਪੋਰਟ ਨਾਲ ਮੌਤਾਂ ਦੀ ਕੁੱਲ ਗਿਣਤੀ ਤਕਰੀਬਨ 22,676 ਹੋ ਗਈ ਹੈ।